ਸਹੁਰੇ ਨੂੰ ਚੁੱਕ ਕੇ ਨੂੰਹ ਲੈ ਗਈ ਹਸਪਤਾਲ, ਲੋਕ ਬਣਾਉਂਦੇ ਰਹੇ ਵੀਡੀਓ

ਮਾਂ ਬਾਪ ਆਮ ਤੌਰ ਤੇ ਆਪਣੀਆਂ ਧੀਆਂ ਨੂੰ ਬੇਗਾਨਾ ਧਨ ਸਮਝਦੇ ਹਨ। ਜਦੋਂ ਉਹ ਵਿਆਹੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਬੇਗਾਨੀਆਂ ਸਮਝਦੇ ਰਹਿੰਦੇ ਹਨ। ਜਦ ਕਿ ਉਹ ਧੀਆਂ ਅਤੇ ਨੂੰਹਾਂ ਦੇ ਰੂਪ ਵਿੱਚ ਪਰਿਵਾਰ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਅਸਾਮ ਦੇ ਨਗਾਓਂ ਦੀ ਨਿਹਾਰਿਕਾ ਦਾਸ ਨਾਮ ਦੀ ਨੂੰਹ ਨੇ ਸਹੁਰੇ ਪਰਿਵਾਰ ਵਿੱਚ ਰਹਿੰਦੇ ਹੋਏ ਅਜਿਹਾ ਫ਼ਰਜ਼ ਨਿਭਾਇਆ, ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਥੋੜੀ ਹੈ।

ਨੂੰਹ ਤਾਂ ਕੀ, ਕੋਈ ਵਿਅਕਤੀ ਆਪਣੇ ਪੁੱਤਰਾਂ ਤੋਂ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਕਰਦਾ। ਮਿਲੀ ਜਾਣਕਾਰੀ ਮੁਤਾਬਕ ਨਿਹਾਰਕਾ ਦਾਸ ਦਾ ਪਤੀ ਸਿਲੀਗੁੜੀ ਵਿੱਚ ਨੌਕਰੀ ਕਰਦਾ ਹੈ ਅਤੇ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਨਗਾਓਂ ਵਿਖੇ ਰਹਿੰਦੀ ਹੈ। ਉਸ ਦਾ 6 ਸਾਲ ਦਾ ਇੱਕ ਪੁੱਤਰ ਵੀ ਹੈ। ਇੱਕ ਦਿਨ ਉਸ ਦੇ ਸਹੁਰੇ ਦੀ ਤਬੀਅਤ ਖ਼ਰਾਬ ਹੋ ਗਈ। ਜਿਸ ਕਰਕੇ ਉਹ ਉਸ ਨੂੰ ਹਸਪਤਾਲ ਲੈ ਗਈ। ਟੈਸਟ ਕਰਨ ਤੇ ਉਸ ਦੇ ਸਹੁਰੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ।

ਡਾਕਟਰ ਨੇ ਉਨ੍ਹਾਂ ਨੂੰ 21 ਕਿਲੋਮੀਟਰ ਦੂਰ ਕੋਵਿਡ ਹਸਪਤਾਲ ਵਿਚ ਜਾਣ ਦੀ ਸਲਾਹ ਦਿੱਤੀ। ਉੱਥੇ ਕੋਈ ਐਮਬੂਲੈਂਸ ਜਾਂ ਸਟਰੈਚਰ ਦਾ ਵੀ ਪ੍ਰਬੰਧ ਨਹੀਂ ਸੀ। ਨਿਹਾਰਿਕਾ ਨੇ ਹਿੰਮਤ ਨਹੀਂ ਹਾਰੀ। ਉਹ ਆਪਣੇ ਸਹੁਰੇ ਨੂੰ ਪਿੱਠ ਉੱਤੇ ਉਠਾ ਕੇ ਤੁਰ ਪਈ। ਉਹ 2 ਕਿਲੋਮੀਟਰ ਤੁਰਦੀ ਗਈ। ਲੋਕ ਉਸ ਦੀ ਵੀਡੀਓ ਤਾਂ ਬਣਾਉਂਦੇ ਰਹੇ ਪਰ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ।

ਅੱਗੇ ਨਿਹਾਰਿਕਾ ਨੇ ਕਾਰ ਦਾ ਪ੍ਰਬੰਧ ਕਰ ਲਿਆ ਪਰ ਉਹ ਖੁਦ ਵੀ ਕੋਰੋਨਾ ਪਾਜ਼ੀਟਿਵ ਹੋ ਗਈ। ਨੂੰਹ ਅਤੇ ਸਹੁਰੇ ਦੋਵਾਂ ਨੂੰ ਹੀ ਗੁਵਾਹਟੀ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉੱਥੇ ਸਹੁਰੇ ਦਾ ਦੇਹਾਂਤ ਹੋ ਗਿਆ ਹੈ। ਨੂੰਹ ਨੇ ਸਹੁਰੇ ਨੂੰ ਬਚਾਉਣ ਲਈ ਬੇਹੱਦ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਹ ਇਸ ਕੋਸ਼ਿਸ਼ ਵਿਚ ਖ਼ੁਦ ਵੀ ਕੋਰੋਨਾ ਪਾਜ਼ੀਟਿਵ ਹੋ ਗਈ। ਨੂੰਹ ਦੀ ਇਸ ਕੋਸ਼ਿਸ਼ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ ।

Leave a Reply

Your email address will not be published. Required fields are marked *