ਜਿਊਂਦੀ ਰਹਿ ਨੀ ਮਾਏ! ਬਹੁਤ ਘੱਟ ਦੇਖਣ ਨੂੰ ਮਿਲਦਾ- ਮਾਂ ਪੁੱਤ ਦਾ ਇਹੋ ਜਿਹਾ ਪਿਆਰ

ਅੱਜ ਦਾ ਮਨੁੱਖੀ ਜੀਵਨ ਬਹੁਤ ਰੁਝੇਵਿਆਂ ਭਰਿਆ ਹੈ। ਕਿਸੇ ਕੋਲ ਇਕ ਦੂਸਰੇ ਕੋਲ ਬੈਠਣ ਦਾ ਸਮਾਂ ਨਹੀਂ। ਸਾਂਝੇ ਪਰਿਵਾਰ ਟੁੱਟਦੇ ਜਾ ਰਹੇ ਹਨ। ਹੁਣ ਉਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ, ਜਦੋਂ ਛੋਟੇ ਬੱਚੇ ਦਾਦੇ ਦਾਦੀ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਨ। ਅੱਜਕੱਲ੍ਹ ਤਾਂ ਇਕ ਪਰਿਵਾਰ ਦੇ ਮੈਂਬਰ ਵੀ ਇਕ ਦੂਜੇ ਨਾਲ ਘੱਟ ਹੀ ਗੱਲਬਾਤ ਕਰਦੇ ਹਨ। ਸਭ ਆਪਣੇ ਆਪਣੇ ਕਮਰੇ ਤਕ ਹੀ ਸੀਮਤ ਹਨ। ਜਿਹੜੇ ਮਾਤਾ ਪਿਤਾ ਬੜੇ ਚਾਵਾਂ ਨਾਲ ਆਪਣੇ ਧੀਆਂ ਪੁੱਤਰਾਂ ਨੂੰ ਪਾਲਦੇ ਹਨ ਅਤੇ ਸੋਚਦੇ ਹਨ ਕਿ

ਉਨ੍ਹਾਂ ਦੇ ਧੀ ਪੁੱਤਰ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣਨਗੇ ਪਰ ਬੱਚੇ ਮਾਤਾ ਪਿਤਾ ਨੂੰ ਅਣਗੌਲਿਆ ਕਰ ਰਹੇ ਹਨ। ਬੱਚੇ ਆਪਣੇ ਮਾਤਾ ਪਿਤਾ ਕੋਲ ਬੈਠਣਾ ਵੀ ਨਹੀਂ ਚਾਹੁੰਦੇ। ਕੋਈ ਸਮਾਂ ਸੀ ਜਦੋਂ ਸਰਵਣ ਪੁੱਤਰ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ। ਭਾਵੇਂ ਕੁਝ ਵੀ ਕਿਹਾ ਜਾਵੇ ਪਰ ਅਜੇ ਵੀ ਕਈ ਅਜਿਹੇ ਵਿਅਕਤੀ ਹਨ, ਜੋ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਦੇ ਹਨ। ਇਹ ਕਹਾਣੀ ਹੈ ਬਰਨਾਲਾ ਨੇੜਲੇ ਪਿੰਡ ਛਾਪਾ ਦੇ 64 ਸਾਲਾ ਕੇਵਲ ਸਿੰਘ ਅਤੇ ਲਗਭਗ 100 ਸਾਲਾ ਉਸ ਦੀ ਮਾਂ ਨਸੀਬ ਕੌਰ ਦੀ।

ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ। ਕੇਵਲ ਸਿੰਘ ਇੱਟਾਂ ਦੇ ਭੱਠੇ ਉੱਤੇ ਮਜ਼ਦੂਰੀ ਕਰਦਾ ਹੈ। ਉਹ ਰੋਜ਼ਾਨਾ 400 ਰੁਪਏ ਕਮਾਉਂਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਮਾਤਾ ਨਸੀਬ ਕੌਰ ਨੂੰ ਕੁਰੜ ਦੇ ਮਾਲਵਾ ਗ੍ਰਾਮੀਣ ਬੈਂਕ ਤੋਂ ਬੁਢਾਪਾ ਪੈਨਸ਼ਨ ਮਿਲਦੀ ਹੈ। ਪਿੰਡ ਛਾਪਾ ਤੋਂ ਕੁਰੜ 3 ਕਿਲੋਮੀਟਰ ਹੈ। ਕੇਵਲ ਸਿੰਘ ਆਪਣੀ ਮਾਂ ਨੂੰ ਸਾਈਕਲ ਤੇ ਬਿਠਾ ਕੇ ਸਾਈਕਲ ਰੋੜ੍ਹ ਕੇ ਉਸ ਨੂੰ ਪੈਨਸ਼ਨ ਦਿਵਾਉਣ ਜਾਂਦਾ ਹੈ।

ਉਹ ਆਉਣ ਜਾਣ ਕਰਨ ਲਈ ਮਾਤਾ ਨੂੰ ਸਾਈਕਲ ਤੇ ਬਿਠਾ ਕੇ 6 ਕਿਲੋਮੀਟਰ ਪੈਦਲ ਤੁਰਦਾ ਹੈ। ਅੱਜਕੱਲ੍ਹ ਕੋਈ ਟਾਵੀਂ ਹੀ ਅਜਿਹੀ ਉਦਾਹਰਣ ਮਿਲ ਸਕਦੀ ਹੈ। ਕੇਵਲ ਸਿੰਘ ਘਰ ਵਿੱਚ ਵੀ ਆਪਣੀ ਮਾਂ ਦੀ ਖੁਦ ਸੇਵਾ ਕਰਦਾ ਹੈ। ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ, ਉਸ ਸਮੇਂ ਮਾਤਾ ਨਸੀਬ ਕੌਰ ਦਾ ਰਿਸ਼ਤਾ ਹੋਇਆ ਸੀ। ਕੇਵਲ ਸਿੰਘ ਖ਼ੁਦ ਬਜ਼ੁਰਗ ਹੋਣ ਦੇ ਬਾਵਜੂਦ ਵੀ ਆਪਣਾ ਪੁੱਤਰ ਵਾਲਾ ਫ਼ਰਜ਼ ਅਦਾ ਕਰ ਰਿਹਾ ਹੈ। ਅੱਜ ਜ਼ਰੂਰਤ ਹੈ ਇਹੋ ਜਿਹੇ ਗ਼ਰੀਬ ਪਰਿਵਾਰਾਂ ਦੀ ਮਦਦ ਕਰਨ ਦੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *