ਕੈਨੇਡਾ ਚ ਟੁੱਟੇ ਲੋਕਾਂ ਦੇ ਦਿਲ, ਇਨ੍ਹਾਂ ਲੋਕਾਂ ਦਾ ਕੈਨੇਡਾ ਚੋਂ ਜੁੱਲੀ ਬਿਸਤਰਾ ਗੋਲ

ਕੈਨੇਡਾ ਵਿੱਚ ਗਲਤ ਢੰਗ ਨਾਲ ਬਿਨਾਂ ਮਨਜ਼ੂਰੀ ਤੋਂ ਰਹਿਣ ਵਾਲੇ ਪਰਵਾਸੀ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਵਿੱਚ ਜਦੋਂ ਕੋਰੋਨਾ ਪੂਰੇ ਜ਼ੋਰਾਂ ਤੇ ਸੀ ਤਾਂ ਇਹ ਪਰਵਾਸੀ ਲੋਕ ਹੀ ਅੱਗੇ ਹੋ ਕੇ ਜੂਝੇ ਸਨ ਅਤੇ ਕੈਨੇਡਾ ਸਰਕਾਰ ਨੇ ਇਨ੍ਹਾਂ ਨੂੰ “ਕੋਰੋਨਾ ਯੋਧੇ” ਆਖਿਆ ਸੀ। ਜਿਸ ਕਰਕੇ ਇਨ੍ਹਾਂ ਨੂੰ ਪੱਕੇ ਹੋਣ ਦੀ ਆਸ ਬੱਝੀ ਸੀ। ਸਿਆਸੀ ਪਾਰਟੀ ਇਨ੍ਹਾਂ ਪਰਵਾਸੀ ਲੋਕਾਂ ਦਾ ਗੁਣਗਾਨ ਕਰ ਰਹੀ ਸੀ, ਕਿਉਂਕਿ ਇਹ ਪਰਵਾਸੀ ਅਸੈਂਸ਼ੀਅਲ ਵਰਕਰਜ਼ ਹੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਦੌਰਾਨ ਨਿੱਤਰੇ ਸਨ।

ਕਿਊਬਿਕ ਦੇ ਪ੍ਰੀਮੀਅਰ ਫਰਾਂਸਵਾ ਲੀਗੋ ਨੇ ਤਾਂ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਇਨ੍ਹਾਂ ਪਰਵਾਸੀਆਂ ਨੂੰ ਫਰਿਸ਼ਤੇ ਤਕ ਆਖ ਦਿੱਤਾ ਸੀ। ਭਾਵੇਂ ਉਨ੍ਹਾਂ ਦੀ ਸਰਕਾਰ ਨੇ ਇਕ ਵਿਸ਼ੇਸ਼ ਇਮੀਗ੍ਰੇਸ਼ਨ ਯੋਜਨਾ ਵੀ ਲਿਆਂਦੀ ਸੀ ਪਰ ਇਸ ਦਾ ਲਾਭ ਸਿਹਤ ਖੇਤਰ ਦੇ ਗਿਣਤੀ ਦੇ ਕੁਝ ਕਾਮਿਆਂ ਨੂੰ ਹੀ ਮਿਲੇਗਾ। ਜਿਸ ਕਰਕੇ ਬਿਨਾਂ ਮਨਜ਼ੂਰੀ ਤੋਂ ਗਲਤ ਤਰੀਕੇ ਨਾਲ ਰਹਿ ਰਹੇ ਪਰਵਾਸੀ ਲੋਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਹੁਣ ਇਹ ਲੋਕ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਹਨ।

ਜਦੋਂ ਆਈਵਰੀ ਕੋਸਟ ਵਿਚ 2016 ਵਿੱਚ ਹਾਲਾਤ ਬਹੁਤ ਖ਼ਰਾਬ ਹੋ ਗਏ ਸਨ ਤਾਂ ਮੈਮਾਡੂ ਕੋਨੇਟ ਨਾਮ ਦਾ ਵਿਅਕਤੀ ਕੈਨੇਡਾ ਵਿੱਚ ਆ ਗਿਆ ਸੀ। ਉਸ ਨੇ ਮਾਂਟਰੀਅਲ ਦੇ 3 ਲੌਂਗ ਟਰਮ ਕੇਅਰ ਹੋਮਜ਼ ਵਿੱਚ ਜੈਨੇਟਰ ਵਜੋਂ ਸੇਵਾ ਨਿਭਾਈ। ਹਾਲਾਂਕਿ ਉਹ ਇਸ ਸੇਵਾ ਦੌਰਾਨ ਖੁਦ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਪਰ ਕੋਰੋਨਾ ਤੋਂ ਨਿਜਾਤ ਪਾ ਕੇ ਉਹ ਦੁਬਾਰਾ ਫੇਰ ਆਪਣੀ ਡਿਊਟੀ ਤੇ ਜਾ ਡਟਿਆ ਪਰ ਹੁਣ ਉਸ ਨੂੰ ਕੈਨੇਡਾ ਛੱਡ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਦੇ ਇਸ ਫ਼ੈਸਲੇ ਤੋਂ ਨਿਰਾਸ਼ ਹੋ ਕੇ ਉਸ ਨੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਾਰਲੀਮਾਨੀ ਹਲਕੇ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਜਦੋਂ 2017 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਲਾਮਕ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਵੜਨ ਤੋਂ ਰੋਕ ਦਿੱਤਾ ਸੀ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁੱਲ੍ਹ ਦਿਲੀ ਦਿਖਾਉਂਦੇ ਹੋਏ ਟਵੀਟ ਕਰ ਕੇ ਇਨ੍ਹਾਂ ਲੋਕਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਸੀ ਪਰ ਹੁਣ ਕੈਨੇਡਾ ਸਰਕਾਰ ਇੱਥੇ ਗ਼ਲਤ ਤਰੀਕੇ ਨਾਲ ਬਿਨਾਂ ਮਨਜ਼ੂਰੀ ਤੋਂ ਰਹਿ ਰਹੇ ਪਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੀ ਹੈ। ਜਿਸ ਕਰਕੇ ਇਹ ਲੋਕ ਬੇਚੈਨੀ ਮਹਿਸੂਸ ਕਰ ਰਹੇ ਹਨ।

Leave a Reply

Your email address will not be published. Required fields are marked *