ਅਮਰੀਕਾ ਚ ਸਿੱਖ ਟਰੱਕ ਡਰਾਇਵਰ ਨਾਲ ਵਾਪਰਿਆ ਭਾਣਾ, ਘਰ ਚ ਇੱਕਲਾ ਸੀ ਕਮਾਉਣ ਵਾਲਾ

ਅਮਰੀਕਾ ਤੋਂ ਕੁਝ ਸਮੇਂ ਤੋਂ ਟਰੱਕ ਡਰਾਈਵਰਾਂ ਨਾਲ ਜੁੜੀਆਂ ਹੋਈਆਂ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਤਾਜ਼ਾ ਖਬਰ ਅਮਰੀਕਾ ਦੇ ਸੂਬੇ ਇੰਡਿਆਨਾ ਵਿੱਚ ਰਹਿਣ ਵਾਲੇ ਨਿਰਮਲ ਸਿੰਘ ਟਰੱਕ ਡਰਾਈਵਰ ਦੀ ਜਾਨ ਜਾਣ ਨਾਲ ਸਬੰਧਤ ਹੈ। ਇਹ ਹਾਦਸਾ ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਹਾਈਵੇਅ 40 ਉੱਤੇ ਵਾਪਰਿਆ ਹੈ। ਨਿਰਮਲ ਸਿੰਘ ਦੀ ਉਮਰ 37 ਸਾਲ ਸੀ ਅਤੇ ਉਹ ਜੌਰਜੀਆ ਤੋਂ ਕੈਲੀਫੋਰਨੀਆ ਵੱਲ ਜਾ ਰਿਹਾ ਸੀ। ਹਾਦਸੇ ਸਮੇਂ ਨਿਰਮਲ ਸਿੰਘ ਦੇ ਨਾਲ ਟਰੱਕ ਵਿਚ ਉਸ ਦਾ ਸਾਥੀ ਰਾਹੁਲ ਵੀ ਮੌਜੂਦ ਸੀ।

ਹਾਦਸੇ ਕਾਰਨ ਨਿਰਮਲ ਸਿੰਘ ਤਾਂ ਥਾਂ ਤੇ ਹੀ ਅੱਖਾਂ ਮੀਟ ਗਿਆ, ਜਦਕਿ ਰਾਹੁਲ ਨੂੰ ਐਰੀਜ਼ੋਨਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੇ ਵੀ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ ਹਨ। ਇਹ ਦੋਵੇਂ ਵਿਅਕਤੀ ਹਰਿਆਣਾ ਨਾਲ ਸਬੰਧਤ ਹਨ। ਨਿਰਮਲ ਸਿੰਘ ਦਾ ਪਿੰਡ ਕਰਨਾਲ ਜ਼ਿਲ੍ਹੇ ਵਿੱਚ ਹੈ ਅਤੇ ਰਾਹੁਲ ਅੰਬਾਲਾ ਹਲਕੇ ਨਾਲ ਸਬੰਧ ਰੱਖਦਾ ਹੈ। ਇਹ ਮੰਦਭਾਗੀ ਘਟਨਾ ਰਾਤ ਦੇ 11 ਵਜੇ ਵਾਪਰੀ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਨਿਰਮਲ ਸਿੰਘ ਨੇ 2 ਜਾਂ 3 ਮਹੀਨੇ ਤਕ ਆਪਣੀ 11 ਸਾਲਾ ਧੀ ਅਤੇ ਪਤਨੀ ਨੂੰ ਮਿਲਣ ਲਈ ਭਾਰਤ ਆਉਣਾ ਸੀ।

ਪਰ ਇਹ ਭਾਣਾ ਵਾਪਰ ਗਿਆ। ਉਸ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ। ਪਿਛਲੇ ਸਾਲ ਜਦੋਂ ਭਾਰਤ ਵਿੱਚ ਹੀ ਉਸ ਦੇ 14 ਸਾਲਾ ਪੁੱਤਰ ਦੀ ਇਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ ਤਾਂ ਵੀ ਉਹ ਭਾਰਤ ਨਹੀਂ ਸੀ ਆ ਸਕਿਆ, ਕਿਉਂਕਿ ਉਸ ਸਮੇਂ ਕੋਰੋਨਾ ਕਾਰਨ ਫਲਾਈਟਾਂ ਬੰਦ ਸਨ। ਹੁਣ ਪਰਿਵਾਰ ਵਿੱਚ ਨਿਰਮਲ ਸਿੰਘ ਦੀ ਪਤਨੀ ਅਤੇ ਧੀ ਰਹਿ ਗਈਆਂ ਹਨ। ਮ੍ਰਿਤਕ ਨਿਰਮਲ ਸਿੰਘ ਦੇ ਦੋਸਤਾਂ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਅਤੇ ਪਰਿਵਾਰ ਦੀ ਮੱਦਦ ਕਰਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਗੋ ਫੰਡ ਵੀ ਸਥਾਪਤ ਕੀਤਾ ਗਿਆ ਹੈ।

Leave a Reply

Your email address will not be published. Required fields are marked *