ਕਨੇਡਾ ਚ ਆਪਣੀ ਕਰਤੂਤ ਦੇ ਪਛਤਾਏ ਗੋਰੇ, ਪੰਜਾਬਣਾਂ ਤੋਂ ਮੰਗੀ ਮੁਆਫੀ

ਪਿਛਲੇ ਦਿਨੀ ਕੈਨੇਡਾ ਵਿਖੇ ਸਰੀ ਦੇ ਐਸਪਨ ਪਾਰਕ ਵਿੱਚ ਕੁਝ ਪੰਜਾਬੀ ਬਜ਼ੁਰਗ ਔਰਤਾਂ ਨਾਲ ਇਕ ਅੰਗਰੇਜ਼ ਜੋੜੇ ਵੱਲੋਂ ਕੀਤੇ ਗਏ ਗਲਤ ਵਰਤਾਅ ਕਾਰਨ ਪੰਜਾਬੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਆਰ ਸੀ ਐਮ ਪੀ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਅੰਗਰੇਜ਼ ਜੋੜਾ ਇਨ੍ਹਾਂ ਬਜ਼ੁਰਗ ਔਰਤਾਂ ਤੋਂ ਮੁਆਫ਼ੀ ਮੰਗ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਇਹ ਪੰਜਾਬੀ ਔਰਤਾਂ ਸਰੀ ਦੇ ਐਸਪਨ ਪਾਰਕ ਵਿਚ ਬੈਠੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ।

ਇਨ੍ਹਾਂ ਦੇ ਛੋਟੇ ਛੋਟੇ ਪੋਤੇ-ਪੋਤੀਆਂ ਵੀ ਇਨ੍ਹਾਂ ਦੇ ਕੋਲ ਹੀ ਖੇਡ ਰਹੇ ਸਨ। ਇੰਨੇ ਵਿੱਚ ਉੱਥੇ ਇੱਕ ਅੰਗਰੇਜ਼ ਜੋੜਾ ਆਇਆ ਅਤੇ ਇਨ੍ਹਾਂ ਬਜ਼ੁਰਗ ਔਰਤਾਂ ਤੇ ਭੜਕ ਪਿਆ। ਇਸ ਜੋੜੇ ਨੇ ਇਨ੍ਹਾਂ ਬਜ਼ੁਰਗ ਔਰਤਾਂ ਦੇ ਪੰਜਾਬੀ ਬੋਲਣ ਤੇ ਨਸਲੀ ਟਿੱਪਣੀਆਂ ਕੀਤੀਆਂ। ਜੋੜੇ ਨੇ ਇਨ੍ਹਾਂ ਔਰਤਾਂ ਨੂੰ ਅੰਗਰੇਜ਼ੀ ਬੋਲਣ ਜਾਂ ਭਾਰਤ ਚਲੇ ਜਾਣ ਲਈ ਕਿਹਾ। ਇੱਥੇ ਹੀ ਬਸ ਨਹੀਂ ਇਸ ਜੋੜੇ ਨੇ ਇਨ੍ਹਾਂ ਬਜ਼ੁਰਗ ਔਰਤਾਂ ਤੇ ਕੂੜਾ ਵੀ ਸੁੱਟਿਆ। ਕਿਸੇ ਨੇ ਇਹ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ।

ਜਿਸ ਨੂੰ ਦੇਖ ਕੇ ਪੰਜਾਬੀ ਮੂਲ ਦਾ ਹਰ ਵਿਅਕਤੀ ਖ਼ਫ਼ਾ ਹੋਇਆ ਹੈ। ਮਾਮਲਾ ਆਰ ਸੀ ਐਮ ਪੀ ਦੇ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ। ਅਧਿਕਾਰੀਆਂ ਦਾ ਇਸ ਤੇ ਕਹਿਣਾ ਸੀ ਕਿ ਇਹ ਇਕ ਬੁਰਾ ਦਿਨ ਸੀ ਪਰ ਪੰਜਾਬੀ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਇਸ ਨਾਲ ਸੰਤੁਸ਼ਟੀ ਨਹੀਂ ਹੋਈ। ਆਰ ਸੀ ਐਮ ਪੀ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਜੋੜੇ ਨੇ ਬਜ਼ੁਰਗ ਔਰਤਾਂ ਤੋਂ ਮੁਆਫੀ ਮੰਗੀ ਹੈ।

ਜਿਨ੍ਹਾਂ ਬਜ਼ੁਰਗ ਔਰਤਾਂ ਨਾਲ ਘਟਨਾ ਵਾਪਰੀ ਹੈ, ਉਨ੍ਹਾਂ ਨੇ ਕੋਈ ਮੰਗ ਨਹੀਂ ਕੀਤੀ ਅਤੇ ਨਾ ਹੀ ਇਸ ਪ੍ਰਤੀ ਕੋਈ ਆਵਾਜ਼ ਉਠਾਈ। ਸਗੋਂ ਭਾਈਚਾਰੇ ਦੇ ਕੁਝ ਹੋਰ ਲੋਕਾਂ ਵੱਲੋਂ ਹੀ ਇਹ ਮਾਮਲਾ ਚੁੱਕਿਆ ਜਾ ਰਿਹਾ ਹੈ। ਲੋਕ ਆਰ ਸੀ ਐੱਮ ਪੀ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਆਰ ਸੀ ਐਮ ਪੀ ਦੇ ਸਾਰਜਾਇੰਟ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਬਣਦੇ ਦੋਸ਼ ਆਇਦ ਕੀਤੇ ਜਾਣਗੇ ਪਰ ਉਨ੍ਹਾਂ ਨੂੰ ਅਜੇ ਤੱਕ ਕੂਡ਼ਾ ਸੁੱਟਣ ਸਬੰਧੀ ਸਬੂਤ ਨਹੀਂ ਮਿਲੇ। ਆਰ ਸੀ ਐਮ ਪੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *