ਵੱਡੀ ਗੇਮ ਖੇਡਣ ਦੀ ਤਿਆਰੀ ਚ ਟਰੂਡੋ, ਕਈਆਂ ਦੇ ਸੁੱਕੇ ਸਾਹ

ਸਾਰੀਆਂ ਰਾਜਨੀਤਕ ਪਾਰਟੀਆਂ ਹਾਲਾਤਾਂ ਦੇ ਮੁਤਾਬਕ ਸਮਾਂ ਦੇਖ ਕੇ ਆਪਣੇ ਪੱਤੇ ਸੁੱਟਦੀਆਂ ਹਨ। ਇਸ ਵੇਲੇ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 20 ਸਤੰਬਰ ਨੂੰ ਫੈਡਰਲ ਚੋਣਾਂ ਕਰਵਾ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਸਰਕਾਰ ਇਸ ਸਮੇਂ ਘੱਟ ਗਿਣਤੀ ਵਿੱਚ ਹੈ। ਉਨ੍ਹਾਂ ਦਾ ਖਿਆਲ ਹੈ ਕਿ ਦੁਬਾਰਾ ਚੋਣਾਂ ਕਰਵਾਕੇ ਉਹ ਬਹੁਮਤ ਵਿਚ ਆ ਸਕਦੇ ਹਨ। ਉਹ ਲਗਾਤਾਰ ਦੂਸਰੀ ਵਾਰ ਕੈਨੇਡਾ ਦਾ ਰਾਜਭਾਗ ਚਲਾ ਰਹੇ ਹਨ। ਲਿਬਰਲ ਪਾਰਟੀ ਦੀ 2015 ਵਿੱਚ ਸਰਕਾਰ ਬਣਨ ਨਾਲ ਜਸਟਿਨ ਟਰੂਡੋ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ।

ਦੁਬਾਰਾ 2019 ਵਿੱਚ ਉਨ੍ਹਾਂ ਨੂੰ ਭਾਵੇਂ ਬਹੁਮਤ ਤਾਂ ਨਹੀਂ ਮਿਲਿਆ ਪਰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਮਿਲ ਗਿਆ। ਇਕ ਚੋਣ ਸਰਵੇਖਣ ਦਰਸਾਉਂਦਾ ਹੈ ਕਿ ਜੇਕਰ ਕੈਨੇਡਾ ਵਿਚ ਇਸ ਸਮੇਂ ਚੋਣਾਂ ਹੁੰਦੀਆਂ ਹਨ ਤਾਂ ਲਿਬਰਲ ਪਾਰਟੀ ਦੇ ਹੱਕ ਵਿੱਚ 37 ਫ਼ੀਸਦੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ 28 ਫ਼ੀਸਦੀ ਵੋਟਰ ਭੁਗਤ ਸਕਦੇ ਹਨ। ਇਸ ਲਈ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਐਤਵਾਰ ਨੂੰ ਪਾਰਲੀਮੈਂਟ ਨੂੰ ਭੰਗ ਕਰਨ ਦੀ ਮੰਗ ਕਰ ਸਕਦੇ ਹਨ।

ਇਸ ਤੋਂ ਬਾਅਦ 36 ਦਿਨਾਂ ਲਈ ਕੰਪੇਨ ਦਾ ਐਲਾਨ ਕਰਕੇ 20 ਸਤੰਬਰ ਨੂੰ ਚੋਣਾਂ ਕਰਵਾਉਣ ਲਈ ਰਾਹ ਪੱਧਰਾ ਹੋ ਸਕਦਾ ਹੈ। ਦੂਜੇ ਪਾਸੇ ਮੁਲਕ ਵਿੱਚ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਐੱਨ ਡੀ ਪੀ ਮੁਖੀ ਜਗਮੀਤ ਸਿੰਘ ਨਹੀਂ ਚਾਹੁੰਦੇ ਕਿ ਇਸ ਸਮੇਂ ਚੋਣਾਂ ਕਰਵਾਈਆਂ ਜਾਣ। ਹੁਣ ਦੇਖਣ ਵਾਲੀ ਗੱਲ ਹੈ ਕਿ 6 ਅਗਸਤ ਤੋਂ 11 ਅਗਸਤ ਤੱਕ 3 ਹਜ਼ਾਰ ਕੈਨੇਡੀਅਨਜ਼ ਤੇ ਕਰਵਾਏ ਗਏ ਆਨਲਾਈਨ ਸਰਵੇਖਣ ਦੀ ਰਿਪੋਰਟ ਨੂੰ ਆਪਣੇ ਪੱਖ ਵਿਚ ਦੇਖਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੀ ਫ਼ੈਸਲਾ ਲੈਂਦੇ ਹਨ।

Leave a Reply

Your email address will not be published. Required fields are marked *