ਕਨੇਡਾ ਪੜ੍ਹਨ ਗਈ ਕੁੜੀ ਨਾਲ ਵੱਡੀ ਜੱਗੋ ਤੇਰਵੀ, ਦੁਖੀ ਮਾਪਿਆਂ ਦੀ ਨਹੀਂ ਸੁਣ ਰਿਹਾ ਕੋਈ ਪੁਕਾਰ

ਅੱਜ ਕੱਲ੍ਹ ਪੰਜਾਬੀ ਮੁੰਡੇ ਕੁੜੀਆਂ ਦਾ ਜ਼ਿਆਦਾਤਰ ਇੱਕੋ ਇੱਕ ਸੁਪਨਾ ਬਣ ਗਿਆ ਹੈ ਕਿ ਉਹ ਕਿਸੇ ਤਰੀਕੇ ਕੈਨੇਡਾ ਚਲੇ ਜਾਣ ਅਤੇ ਉੱਥੇ ਪੱਕੇ ਹੋ ਕੇ ਮਿਹਨਤ ਕਰਕੇ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਹੈ, ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਹਾਦਸਾ ਨਾਭਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਵਾਪਰਿਆ, ਜੋ ਇਕ ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ। ਉਹ ਕੰਮ ਤੋਂ ਵਾਪਸ ਪਰਤ ਰਹੀ ਸੀ।

ਇਸ ਦੌਰਾਨ ਹੀ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਅੱਜ ਜਸਪ੍ਰੀਤ ਨੂੰ 13 ਦਿਨ ਹੋ ਗਏ ਹਨ, ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜਦਿਆਂ। ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੇ 25 ਤਰੀਕ ਨੂੰ ਆਪਣੀ ਲੜਕੀ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜਿਆ ਸੀ, ਜੋ ਕਿ 28 ਤਰੀਕ ਨੂੰ ਉਥੇ ਪਹੁੰਚ ਗਈ ਸੀ ਪਰ ਦੁੱਖ ਵਾਲੀ ਗੱਲ ਇਹ ਹੈ ਕਿ 9 ਤਰੀਕ ਨੂੰ ਸਵੇਰੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। 10 ਤਰੀਕ ਨੂੰ ਉਸ ਦਾ ਜਨਮ ਦਿਨ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮੰਦਭਾਗੀ ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਜਸਪ੍ਰੀਤ ਦੇ ਸਿਰ ਦੇ 2 ਅਪ੍ਰੇਸ਼ਨ ਹੋ ਚੁੱਕੇ ਸਨ। ਉਨ੍ਹਾਂ ਨੂੰ ਰਾਤ ਦੇ 8.30 ਵਜੇ ਜਸਪ੍ਰੀਤ ਦੀ ਸਹੇਲੀ ਦੇ ਜ਼ਰੀਏ ਪਤਾ ਲੱਗਾ ਕਿ ਉਹ ਬੱਸ ਚੜ੍ਹਨ ਲਈ ਖੜ੍ਹੀ ਸੀ ਕਿ ਇਕ ਤੇਜ਼ ਰਫਤਾਰ ਗੱਡੀ ਉਸ ਵਿੱਚ ਆ ਕੇ ਵੱਜੀ। ਜਿਸ ਕਾਰਨ ਉਹ ਕੌਮਾ ਵਿੱਚ ਪਹੁੰਚ ਗਈ। ਗੱਡੀ ਚਾਲਕ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ ਹੈ। ਭਾਵੁਕ ਹੋਏ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਜਸਪ੍ਰੀਤ ਨੂੰ ਬੜੇ ਚਾਵਾਂ ਨਾਲ ਬਾਹਰ ਭੇਜਿਆ ਸੀ ਪਰ ਅੱਜ ਉਹ ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜ ਰਹੀ ਹੈ।

ਜਿਸ ਕਾਰਨ ਉਹ ਆਪਣੀ ਲੜਕੀ ਨੂੰ ਜਾ ਕੇ ਦੇਖਣਾ ਚਾਹੁੰਦੇ ਹਨ ਅਤੇ ਉਸ ਦੀ ਦੇਖਭਾਲ ਕਰਨਾ ਚਾਹੁੰਦੇ ਹਨ। ਉਹਨਾਂ ਦੀ ਕਨੇਡਾ ਅਤੇ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਉਹ ਉਨ੍ਹਾਂ ਨੂੰ ਬਾਹਰ ਜਾਣ ਲਈ ਵੀਜ਼ਾ ਦੇਣ ਤਾਂ ਜੋ ਉਹ ਆਪਣੀ ਲੜਕੀ ਨੂੰ ਮਿਲ ਸਕਣ। ਪਿਤਾ ਦਾ ਕਹਿਣਾ ਹੈ ਕਿ ਉਹ ਡਾਕਟਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ, ਜੋ ਉਨ੍ਹਾਂ ਦੀ ਲੜਕੀ ਦਾ ਇਲਾਜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਉਨ੍ਹਾਂ ਦੀ ਲੜਕੀ ਦਿਖਾਉਂਦੇ ਹਨ। ਉਹ ਸਾਰੇ ਪੰਜਾਬੀਆਂ ਦਾ ਵੀ ਧੰਨਵਾਦ ਕਰ ਰਹੇ ਹਨ, ਜੋ ਉਨ੍ਹਾਂ ਦੀ ਮਦਦ ਕਰ ਰਹੇ ਹਨ।

Leave a Reply

Your email address will not be published. Required fields are marked *