ਭੈਣ ਸੋਚਦੀ ਸੀ ਫੌਜੀ ਵੀਰ ਦੇ ਬੰਨਾਂਗੀ ਰੱਖੜੀ ਪਰ ਰੱਬ ਨੂੰ ਮਨਜੂਰ ਸੀ ਹੋਰ ਕੁਝ

ਮੁਲਕ ਭਰ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਗੁਰਦਾਸਪੁਰ ਦੇ ਪਿੰਡ ਮਾੜੀ ਟਾਂਡਾ ਵਿੱਚ ਇੱਕ ਅਜਿਹੀ ਘਟਨਾ ਵਾਪਰ ਗਈ, ਜਿਸ ਕਾਰਨ ਸਾਰੇ ਪਿੰਡ ਵਿਚ ਮਾਤਮ ਛਾ ਗਿਆ। ਇੱਥੋਂ ਦਾ ਇਕ ਨੌਜਵਾਨ ਲਵਪ੍ਰੀਤ ਸਿੰਘ 16 ਰਾਸ਼ਟਰੀ ਰਾਈਫਲ ਵਿੱਚ ਨੌਕਰੀ ਕਰਦਾ ਸੀ।

ਡਿਊਟੀ ਦੌਰਾਨ ਸ਼ਹੀਦ ਹੋ ਜਾਣ ਕਾਰਨ ਰੱਖੜੀ ਦੇ ਤਿਉਹਾਰ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਸ ਦੇ ਘਰ ਉਸ ਦੀ ਮ੍ਰਿਤਕ ਦੇਹ ਪਹੁੰਚੀ। ਜਿਸ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਸਮੇਂ ਸ਼ਹੀਦ ਦੀ ਯੂਨਿਟ ਦੇ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰੀ ਨੁਮਾਇੰਦੇ ਹਾਜ਼ਰ ਹੋਏ। ਸ਼ਹੀਦ ਦੀ ਭੈਣ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ।

ਲਵਪ੍ਰੀਤ ਸਿੰਘ ਦਾ ਪਿਤਾ ਖ਼ੁਦ ਫ਼ੌਜ ਵਿੱਚੋਂ ਸੂਬੇਦਾਰ ਵਜੋਂ ਰਿਟਾਇਰਡ ਹੋਇਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਸ਼ਹੀਦ ਹੋਣ ਤੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਲਵਪ੍ਰੀਤ ਸਿੰਘ ਦੇ ਪਿਤਾ ਸੂਬੇਦਾਰ ਜਸਵਿੰਦਰ ਸਿੰਘ ਨੇ ਮੌਕੇ ਤੇ ਪਹੁੰਚੇ ਯੂਨਿਟ ਦੇ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਰਕਾਰੀ ਨੁਮਾਇੰਦਿਆਂ ਅਤੇ ਹੋਰ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਦੱਸਣ ਮੁਤਾਬਕ ਲਵਪ੍ਰੀਤ ਸਿੰਘ ਦਾ ਰਿਸ਼ਤਾ ਹੋ ਚੁੱਕਾ ਸੀ ਅਤੇ ਦਸੰਬਰ ਜਾਂ ਜਨਵਰੀ ਵਿੱਚ ਵਿਆਹ ਹੋਣਾ ਸੀ।

ਸ਼ਹੀਦ ਦੇ ਭਰਾ ਨੇ ਦੱਸਿਆ ਹੈ ਕਿ ਉਹ ਦੋਵੇਂ ਇਕੱਠੇ ਹੀ ਭਰਤੀ ਹੋਏ ਸਨ ਅਤੇ ਲਗਪਗ ਡੇਢ ਸਾਲ ਇਕੱਠਿਆਂ ਨੇ ਹੀ ਟਰੇਨਿੰਗ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਹ ਪੈਟਰੋਲ ਤੇ ਗਿਆ ਸੀ। ਉੱਚੀ ਪਹਾੜੀ ਤੋਂ ਪੈਰ ਫਿਸਲ ਜਾਣ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਜੋ ਜਾਨ ਜਾਣ ਦਾ ਕਾਰਨ ਬਣ ਗਈ। ਲਵਪ੍ਰੀਤ ਸਿੰਘ 16 ਰਾਸ਼ਟਰੀ ਰਾਈਫਲ ਦਾ ਜਵਾਨ ਸੀ। ਇਸ ਸਮੇਂ ਯੂਨਿਟ ਵਿਚ ਆਪ੍ਰੇਸ਼ਨ ਚੱਲ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਰਕਮ 10 ਲੱਖ ਰੁਪਏ ਦਿੱਤੀ ਜਾਂਦੀ ਸੀ। ਇਸ ਤੋਂ ਬਿਨਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਉਸ ਦੀ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਲਵਪ੍ਰੀਤ ਸਿੰਘ ਦੇ ਸ਼ਹੀਦ ਹੋ ਜਾਣ ਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *