ਜਗਮੀਤ ਸਿੰਘ ਨੇ ਕਰ ਦਿੱਤਾ ਵੱਡਾ ਐਲਾਨ, ਸਰਦਾਰ ਦੇਵੇਗਾ 5000 ਡਾਲਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੌਜੂਦਾ ਪਾਰਲੀਮੈਂਟ ਨੂੰ ਭੰਗ ਕਰਕੇ ਨਵੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਵਿੱਚ 20 ਸਤੰਬਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਸੰਬੰਧ ਵਿਚ ਜਸਟਿਨ ਟਰੂਡੋ ਨੇ ਜਨਰਲ ਗਵਰਨਰ ਨੂੰ ਮਿਲ ਕੇ ਪਾਰਲੀਮੈਂਟ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਨੇ ਚੋਣ ਪ੍ਰਚਾਰ ਲਈ 36 ਦਿਨ ਦਾ ਸਮਾਂ ਰੱਖਿਆ ਹੈ। ਇਸ ਸਮੇਂ ਲਿਬਰਲ ਸਰਕਾਰ ਘੱਟ ਗਿਣਤੀ ਵਿੱਚ ਸੀ। ਪ੍ਰਧਾਨ ਮੰਤਰੀ ਨੇ ਬਹੁਮਤ ਹਾਸਲ ਕਰਨ ਦੇ ਉਦੇਸ਼ ਨਾਲ ਦੁਬਾਰਾ ਚੋਣਾਂ ਵਿੱਚ ਹਿੱਸਾ ਲੈਣਾ ਹੀ ਠੀਕ ਸਮਝਿਆ।

ਹੋਰ ਪਾਰਟੀਆਂ ਵਾਂਗ ਐੱਨ ਡੀ ਪੀ ਵੀ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ। ਇਸ ਦੇ ਮੁਖੀ ਜਗਮੀਤ ਸਿੰਘ ਚੋਣ ਪ੍ਰਚਾਰ ਕਰਨ ਲਈ ਟੋਰਾਂਟੋ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਜਨਤਾ ਅੱਗੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਜੇਕਰ ਕੈਨੇਡਾ ਵਾਸੀ ਉਨ੍ਹਾਂ ਨੂੰ ਸੱਤਾ ਵਿਚ ਲਿਆਉਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਵੱਲੋਂ ਪਰਿਵਾਰਾਂ ਦੀ 5 ਹਜ਼ਾਰ ਡਾਲਰ ਦੀ ਰੈੰਟਲ ਸਪੋਰਟ ਕੀਤੀ ਜਾਵੇਗੀ। ਜਗਮੀਤ ਸਿੰਘ ਦੇ ਦੱਸਣ ਮੁਤਾਬਕ ਜਸਟਿਨ ਟਰੂਡੋ ਦੇ ਸ਼ਾਸਨ ਕਾਲ ਦੌਰਾਨ ਕੈਨੇਡਾ ਵਿਖੇ ਸਾਲਾਨਾ ਰੈਂਟ 4200 ਡਾਲਰ ਹੋ ਗਿਆ ਹੈ।

ਜਗਮੀਤ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਕਾਰਪੋਰੇਸ਼ਨਜ਼ ਸਰਕਾਰ ਨੂੰ ਟੈਕਸ ਨਹੀਂ ਦਿੰਦੇ, ਉਨ੍ਹਾਂ ਤੇ ਵੱਧ ਟੈਕਸ ਲਗਾਇਆ ਜਾਵੇਗਾ। ਇਸ ਸੰਬੰਧ ਵਿਚ ਉਨ੍ਹਾਂ ਨੇ ਐਮਾਜ਼ੋਨ ਦੀ ਉਦਾਹਰਣ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕਾਰਪੋਰੇਸ਼ਨਜ਼ ਤੋਂ ਵੱਧ ਟੈਕਸ ਵਸੂਲ ਕਰ ਕੇ ਕੈਨੇਡੀਅਨ ਪਰਿਵਾਰਾਂ ਨੂੰ ਰੈਂਟਲ ਸਪੋਰਟ ਦਿੱਤੀ ਜਾ ਸਕਦੀ ਹੈ। ਕੈਨੇਡਾ ਦੇ ਲੋਕ ਕਿਸ ਪਾਰਟੀ ਦੇ ਹੱਕ ਵਿਚ ਫਤਵਾ ਦਿੰਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *