ਇਸ ਹਾਦਸੇ ਨੂੰ ਦੇਖਣ ਵਾਲੇ ਵੀ ਕੰਬ ਗਏ, ਨੌਜਵਾਨ ਸਣੇ ਬਜ਼ੁਰਗ ਔਰਤ ਦੀ ਹੋਈ ਮੋਤ

ਸਮਰਾਲਾ ਤੋਂ ਇਕ ਬਰੀਜ਼ਾ ਕਾਰ ਦੁਆਰਾ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਨਾਲ ਮੋਟਰਸਾਈਕਲ ਚਾਲਕ 20 ਸਾਲਾ ਨੌਜਵਾਨ ਕਰਨਵੀਰ ਸਿੰਘ, ਵਾਸੀ ਪਿੰਡ ਖੀਰਨੀਆਂ ਅਤੇ 75 ਸਾਲਾ ਬਜ਼ੁਰਗ ਔਰਤ ਮਲਕੀਤ ਕੌਰ, ਵਾਸੀ ਪਿੰਡ ਹਰਿਓਂ ਦਮ ਤੋੜ ਗਏ ਹਨ। ਕਾਰ ਚਾਲਕ ਕਾਰ ਛੱਡ ਕੇ ਦੌੜ ਗਿਆ ਹੈ। ਇਕ ਨੌਜਵਾਨ ਦਾ ਕਹਿਣਾ ਹੈ ਕਿ ਹਾਦਸੇ ਨੂੰ ਡੇਢ ਘੰਟਾ ਬੀਤ ਚੁੱਕਾ ਹੈ। ਕੋਈ ਐਂਬੂਲੈਂਸ ਨਹੀਂ ਮਿਲੀ। ਫੋਨ ਕਰਨ ਤੇ ਨੰਬਰ ਬਿਜ਼ੀ ਆ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਵਿਚ ਫੋਨ ਕਰਨ ਤੇ ਵੀ ਮ੍ਰਿਤਕ ਦੇਹ ਲੈਣ ਲਈ ਐਂਬੂਲੈਂਸ ਨਹੀਂ ਆਈ। ਜਿਸ ਕਰਕੇ ਡੇਢ ਘੰਟੇ ਬਾਅਦ ਪ੍ਰਾਈਵੇਟ ਵਾਹਨ ਦਾ ਪ੍ਰਬੰਧ ਕਰਕੇ ਮ੍ਰਿਤਕ ਦੇਹ ਹਸਪਤਾਲ ਵਿਚ ਪਹੁੰਚਾਈ ਗਈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਕੁਝ ਦੇਰ ਦੋਵੇਂ ਮੋਟਰਸਾਈਕਲ ਸਵਾਰ ਸੜਕ ਤੇ ਪਏ ਰਹੇ ਪਰ ਹਸਪਤਾਲ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਜਿਸ ਕਰਕੇ ਔਰਤ ਤਾਂ ਉਥੇ ਹੀ ਦਮ ਤੋੜ ਗਈ।

ਨੌਜਵਾਨ ਨੂੰ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਪੁਚਾਇਆ ਪਰ ਉੱਥੇ ਪਹੁੰਚ ਕੇ ਉਹ ਵੀ ਦਮ ਤੋੜ ਗਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਖੀਰਨੀਆਂ ਦਾ ਰਹਿਣ ਵਾਲਾ 20 ਸਾਲਾ ਨੌਜਵਾਨ ਕਰਨਵੀਰ ਸਿੰਘ ਆਪਣੇ ਪਿੰਡ ਤੋਂ ਵਾਇਆ ਹਰਿਓਂ ਆਪਣੇ ਨਾਨਕੇ ਮੋਟਰਸਾਈਕਲ ਤੇ ਜਾ ਰਿਹਾ ਸੀ। ਰਸਤੇ ਵਿੱਚ ਹਰਿਓਂ ਦੀ 75 ਸਾਲਾ ਬਜ਼ੁਰਗ ਔਰਤ ਮਲਕੀਤ ਕੌਰ ਨੇ ਉਸ ਤੋਂ ਲਿਫਟ ਮੰਗ ਲਈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਇਹ ਮੋਟਰਸਾਈਕਲ ਸਵਾਰ ਬਾਈਪਾਸ ਤੇ ਪਹੁੰਚੇ ਤਾਂ ਚੰਡੀਗਡ਼੍ਹ ਵੱਲੋਂ ਆ ਰਹੀ ਤੇਜ਼ ਰਫ਼ਤਾਰ ਬਰੀਜ਼ਾ ਕਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਨਾਲ ਬਜ਼ੁਰਗ ਔਰਤ ਤਾਂ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਈ, ਜਦਕਿ ਲੜਕਾ ਹਸਪਤਾਲ ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਡਰਾਈਵਰ ਗੱਡੀ ਛੱਡ ਕੇ ਦੌੜ ਗਿਆ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *