ਕਨੇਡਾ ਚ ਅਜਿਹਾ ਕੀ ਹੋਇਆ ਜੋ ਸਿੱਖਾਂ ਦੇ ਟੁੱਟ ਗਏ ਦਿਲ

ਕੈਨੇਡਾ ਵਿੱਚ ਵਾਪਰੀ ਘਟਨਾ ਨੇ ਹਰ ਪੰਜਾਬੀ ਵਿਅਕਤੀ ਦਾ ਹਿਰਦਾ ਵਲੂੰਧਰਿਆ ਹੈ। ਬਾਬਾ ਗੁਰਦਿੱਤ ਸਿੰਘ ਵਾਲੀ ਕਾਮਾਗਾਟਾਮਾਰੂ ਦੀ ਘਟਨਾ ਨੂੰ ਕੌਣ ਪੰਜਾਬੀ ਭੁੱਲ ਸਕਦਾ। ਕੈਨੇਡਾ ਵਿੱਚ ਕਾਮਾਗਾਟਾ ਮਾਰੂ ਘਟਨਾ ਦੀ ਯਾਦਗਾਰ ਬਣੀ ਹੋਈ ਹੈ। ਜਿੱਥੇ ਉਨ੍ਹਾਂ ਪੰਜਾਬੀ ਸੂਰਬੀਰਾਂ ਦੇ ਨਾਮ ਲਿਖੇ ਹੋਏ ਹਨ, ਜੋ 1914 ਵਿਚ ਉਥੇ ਜਹਾਜ਼ ਲੈ ਕੇ ਗਏ ਸਨ ਅਤੇ ਸਮੇਂ ਦੀ ਕੈਨੇਡਾ ਸਰਕਾਰ ਨੇ ਨਸਲੀ ਭੇਦਭਾਵ ਕਰਦੇ ਹੋਏ ਇਨ੍ਹਾਂ ਯਾਤਰੀਆਂ ਨੂੰ ਵੈਨਕੂਵਰ ਦੀ ਬੰਦਰਗਾਹ ਤੇ ਉੱਤਰਨ ਦੀ ਆਗਿਆ ਨਹੀਂ ਸੀ ਦਿੱਤੀ ਅਤੇ ਜਹਾਜ਼ ਨੂੰ ਵਾਪਸ ਭਾਰਤ ਮੁੜਨਾ ਪਿਆ ਸੀ।

ਵਾਪਸੀ ਤੇ ਭਾਰਤ ਵਿੱਚ ਅੰਗਰੇਜ਼ ਹਕੂਮਤ ਨੇ ਜੋ ਬਜਬਜ ਘਾਟ ਤੇ ਉਨ੍ਹਾਂ ਯਾਤਰੀਆਂ ਨਾਲ ਕੀਤਾ ਸੀ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਇਸ ਸਮੇਂ ਕੈਨੇਡਾ ਵਿੱਚ ਬਣੀ ਯਾਦਗਾਰ ਤੇ ਕਿਸੇ ਸੌੜੀ ਸੋਚ ਦੇ ਮਾਲਕ ਨੇ ਪਹਿਲਾਂ ਤਾਂ ਆਪਣੇ ਹੱਥਾਂ ਨਾਲ ਚਿੱਟੇ ਰੰਗ ਦੇ ਨਿਸ਼ਾਨ ਲਗਾਏ ਅਤੇ ਫੇਰ ਬੁਰਸ਼ ਹੀ ਫੇਰ ਦਿੱਤਾ। ਜਿਹੜੇ ਪੰਜਾਬੀ ਸੂਰਮੇ 1914 ਦੀ ਇਸ ਕਾਮਾਗਾਟਾ ਮਾਰੂ ਘਟਨਾ ਵਿਚ ਸ਼ਾਮਲ ਸਨ, ਉਨ੍ਹਾਂ ਵਿੱਚੋਂ ਕਿਸੇ ਹਸਤੀ ਦਾ ਇੱਕ ਰਿਸ਼ਤੇਦਾਰ ਜਦੋਂ ਆਪਣੇ ਬੱਚਿਆਂ ਨੂੰ ਇਹ ਯਾਦਗਾਰ ਦਿਖਾਉਣ ਲਈ ਲਿਆਇਆ ਤਾਂ ਉੱਥੋਂ ਦੀ ਹਾਲਤ ਦੇਖ ਕੇ ਉਸ ਦਾ ਗਲਾ ਭਰਿਆ ਗਿਆ।

ਉਸ ਨੇ ਵੈਨਕੂਵਰ ਸਿਟੀ ਕੌਂਸਲ ਤੋਂ ਉਮੀਦ ਜਤਾਈ ਹੈ ਕਿ ਯਾਦਗਾਰ ਨੂੰ ਮੁੜ ਪਹਿਲਾਂ ਵਾਲਾ ਰੂਪ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ 2008 ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ 2016 ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ਤੇ ਪੰਜਾਬੀ ਭਾਈਚਾਰੇ ਤੋਂ ਮਾਫੀ ਮੰਗੀ ਜਾ ਚੁੱਕੀ ਹੈ। ਜੂਨ 2020 ਵਿੱਚ ਵੈਨਕੂਵਰ ਸਿਟੀ ਕੌਂਸਲ ਨੇ ਇਕ ਮਤਾ ਪਾਸ ਕਰਕੇ ਜਿੱਥੇ ਇਸ ਘਟਨਾ ਤੇ ਮਾਫੀ ਮੰਗੀ ਸੀ।

ਉੱਥੇ ਹੀ 23 ਮਈ ਦੇ ਦਿਨ ਨੂੰ ਕਾਮਾਗਾਟਾਮਾਰੂ ਯਾਦਗਾਰ ਦੇ ਤੌਰ ਤੇ ਮਨਾਉਣ ਦਾ ਐਲਾਨ ਕਰ ਦਿੱਤਾ ਸੀ। ਇਹ ਯਾਦਗਾਰ 2013 ਵਿੱਚ ਵੈਨਕੂਵਰ ਨੇੜੇ ਕੋਲ ਹਾਰਬਰ ਵਿੱਚ ਬਣਾਈ ਗਈ ਸੀ। ਇਸ ਯਾਦਗਾਰ ਤੇ ਰੰਗ ਫੇਰੇ ਜਾਣ ਕਾਰਨ ਪੰਜਾਬੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *