ਘਰਵਾਲੀ ਦੇ ਪ੍ਰੇਮੀ ਨੂੰ ਮਰਵਾਉਣ ਲਈ ਗਿਆ ਸੀ ਤਾਂਤਰਿਕ ਕੋਲ, ਪ੍ਰੇਮੀ ਦਾ ਤਾਂ ਕੁਝ ਵਿਗੜਿਆ ਨਹੀਂ ਉਲਟਾ ਹੋ ਗਿਆ ਵੱਡਾ ਕਾਂਡ

ਭਾਵੇਂ ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਪਰ ਅਜੇ ਵੀ ਕਈ ਲੋਕ ਧਾਗੇ ਤਵੀਤਾਂ ਅਤੇ ਮੰਤਰਾਂ ਵਾਲਿਆਂ ਦੇ ਪਿੱਛੇ ਘੁੰਮ ਰਹੇ ਹਨ। ਇਹ ਸ਼ਾਤਰ ਦਿਮਾਗ ਲੋਕ ਭੋਲੀ ਭਾਲੀ ਜਨਤਾ ਤੋਂ ਪੈਸੇ ਹੜੱਪੀ ਜਾ ਰਹੇ ਹਨ। ਕਈ ਵਾਰ ਤਾਂ ਇਹ ਭੋਲੇ ਭਾਲੇ ਲੋਕ ਆਪਣੀ ਜਾਨ ਵੀ ਗੁਆ ਬੈਠਦੇ ਹਨ। ਉੱਤਰ ਪ੍ਰਦੇਸ਼ ਦੇ ਫ਼ਜ਼ਲਗੰਜ ਤੋਂ ਲਾਪਤਾ ਹੋਣ ਵਾਲੇ ਨੀਰਜ ਦੀਕਸ਼ਿਤ ਦੀ ਮ੍ਰਿਤਕ ਦੇਹ 17 ਅਗਸਤ ਨੂੰ ਹਮੀਰਪੁਰ ਦੇ ਜੰਗਲ ਵਿਚੋਂ ਬਰਾਮਦ ਹੋਈ ਹੈ। ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੀਰਜ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਹਨ।

ਇਸ ਲਈ ਉਹ ਮਹਾਰਾਜਪੁਰ ਦੇ ਕਿਸੇ ਬਾਬੇ ਕੋਲ ਇਸ ਉਦੇਸ਼ ਲਈ ਜਾਂਦਾ ਸੀ ਕਿ ਇਹ ਬਾਬਾ ਨੀਰਜ ਦੀ ਪਤਨੀ ਦੇ ਪ੍ਰੇਮੀ ਨੂੰ ਇਸ ਰਸਤੇ ਤੋਂ ਹਟਾ ਦੇਵੇਗਾ। ਇਸ ਕਹਾਣੀ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਇੱਥੇ ਨੀਰਜ ਨੂੰ ਸ਼ੈਲੇਂਦਰ ਨਾਮ ਦਾ ਇੱਕ ਬੰਦਾ ਮਿਲਿਆ। ਸ਼ੈਲੇਂਦਰ ਨੇ ਨੀਰਜ ਨਾਲ ਦੋਸਤੀ ਕਰ ਲਈ ਅਤੇ ਨੀਰਜ ਨੂੰ ਬਿਧਨੂੰ ਦੇ ਇੱਕ ਬਾਬੇ ਦੀ ਦੱਸ ਪਾਈ। ਸ਼ੈਲੇਂਦਰ ਨੇ ਨੀਰਜ ਨੂੰ ਇਸ ਬਾਬੇ ਨਾਲ ਮਿਲਾ ਵੀ ਦਿੱਤਾ। ਸ਼ੈਲੇਂਦਰ ਨੇ ਦਾਅਵਾ ਕੀਤਾ ਕਿ ਬਾਬਾ ਮੰਤਰ ਪੜ੍ਹ ਕੇ ਹੀ ਨੀਰਜ ਦੀ ਪਤਨੀ ਦੇ ਪ੍ਰੇਮੀ ਦੀ ਜਾਨ ਲੈ ਲਵੇਗਾ।

ਉਸ ਨੇ ਇਸ ਕੰਮ ਬਦਲੇ ਨੀਰਜ ਤੋਂ 75 ਹਜ਼ਾਰ ਰੁਪਏ ਵੀ ਲੈ ਲਏ। ਜਦੋਂ ਨੀਰਜ ਦੀ ਪਤਨੀ ਦੇ ਪ੍ਰੇਮੀ ਦਾ ਕਾਫ਼ੀ ਦਿਨਾਂ ਬਾਅਦ ਵੀ ਕੋਈ ਨੁਕਸਾਨ ਨਾ ਹੋਇਆ ਤਾਂ ਸ਼ੈਲੇਂਦਰ ਤੋਂ ਨੀਰਜ ਆਪਣੇ ਪੈਸੇ ਵਾਪਸ ਮੰਗਣ ਲੱਗਾ। ਇੱਥੇ ਸ਼ੈਲੇਂਦਰ ਨੇ ਇੱਕ ਹੋਰ ਚਾਲ ਚੱਲੀ। ਉਸ ਨੇ ਨੀਰਜ ਨੂੰ ਹਮੀਰਪੁਰ ਰਹਿੰਦੇ ਇਕ ਸੀਨੀਅਰ ਬਾਬੇ ਨੂੰ ਮਿਲਣ ਦੀ ਸਲਾਹ ਦਿੱਤੀ। ਦੂਜੇ ਪਾਸੇ ਸ਼ੈਲੇਂਦਰ ਨੇ ਆਪਣੇ ਦੋਸਤ ਧਰਮਿੰਦਰ ਅਤੇ ਸ਼ਿਆਮੂ ਨੂੰ ਤਿਆਰ ਕਰ ਲਿਆ।

ਇਨ੍ਹਾਂ ਤਿੰਨਾਂ ਨੇ ਨੀਰਜ ਨੂੰ ਹਮੀਰਪੁਰ ਦੇ ਜੰਗਲਾਂ ਵਿੱਚ ਲਿਜਾ ਕੇ ਉਸ ਦੀ ਜਾਨ ਲੈ ਲਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦੀ ਬਾਈਕ ਨੂੰ ਜ਼ਿਲ੍ਹਾ ਫਤਿਹਪੁਰ ਵਿੱਚ ਲਿਆ ਕੇ ਸਾੜ ਦਿੱਤਾ ਗਿਆ। ਤਿੰਨਾਂ ਦੋਸਤਾਂ ਨੇ ਕੰਮ ਤਾਂ ਬੜੀ ਸਫ਼ਾਈ ਨਾਲ ਕੀਤਾ ਸੀ ਪਰ ਇਨ੍ਹਾਂ ਦੀ ਕਾਲ ਡਿਟੇਲ ਨੇ ਸਾਰਾ ਭਾਂਡਾ ਭੰਨ ਦਿੱਤਾ। ਪੁਲੀਸ ਨੇ ਸ਼ੈਲੇਂਦਰ ਅਤੇ ਧਰਮਿੰਦਰ ਨੂੰ ਕਾਬੂ ਕਰ ਲਿਆ ਹੈ। ਜਦਕਿ ਸ਼ਿਆਮੂ ਕਿਧਰੇ ਖਿਸਕ ਗਿਆ ਹੈ। ਪੁਲੀਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *