ਪਿਤਾ ਦੀ ਮੋਤ ਤੋਂ ਬਾਅਦ ਸਿੱਖ ਬੱਚੇ ਨੇ ਚੁੱਕਿਆ ਪਰਿਵਾਰ ਦਾ ਬੋਝ, ਮੋਮੋਜ ਦੀ ਰੇਹੜੀ ਲਗਾਕੇ ਕਰ ਰਿਹਾ ਗੁਜਾਰਾ

ਗ਼ਰੀਬੀ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ? ਜਦੋਂ ਪਰਿਵਾਰ ਦਾ ਖਰਚਾ ਨਾ ਚੱਲ ਰਿਹਾ ਹੋਵੇ ਤਾਂ ਉਨ੍ਹਾਂ ਬੱਚਿਆਂ ਨੂੰ ਵੀ ਕੰਮ ਕਰਨਾ ਪੈ ਜਾਂਦਾ ਹੈ, ਜਿਨ੍ਹਾਂ ਦੀ ਉਮਰ ਖੇਡਣ ਜਾਂ ਪੜ੍ਹਨ ਦੀ ਹੁੰਦੀ ਹੈ। ਵੈਸੇ ਤਾਂ ਸਰਕਾਰ ਨੇ ਬਾਲ ਮਜ਼ਦੂਰੀ ਤੇ ਪਾਬੰਦੀ ਲਗਾਈ ਹੋਈ ਹੈ ਪਰ ਪੇਟ ਦੀ ਭੁੱਖ ਮਿਟਾਉਣ ਲਈ ਸਭ ਕੁਝ ਕਰਨਾ ਪੈਂਦਾ ਹੈ। ਜੇਕਰ ਪਰਿਵਾਰ ਦਾ ਖਰਚਾ ਹੀ ਨਾ ਚੱਲੇ ਤਾਂ ਰੋਟੀ ਕਮਾਉਣ ਲਈ ਇਨਸਾਨ ਕੁਝ ਨਾ ਕੁਝ ਤਾਂ ਕਰੇਗਾ ਹੀ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਅੰਮ੍ਰਿਤਸਰ ਦੇ ਸੁਲਤਾਨਵਿੰਡ ਦਾ 14 ਸਾਲ ਦਾ ਇਕ ਗੁਰਸਿੱਖ ਬੱਚਾ ਮੋਮੋਸ ਦੀ ਰੇਹੜੀ ਲਾਈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਬੱਚੇ ਦਾ ਪਿਤਾ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਘਰ ਦੇ ਹਾਲਾਤ ਨੂੰ ਦੇਖ ਕੇ ਬੱਚੇ ਨੂੰ ਰੇਹੜੀ ਲਗਾਉਣੀ ਪੈ ਗਈ। ਬੱਚੇ ਦੇ ਦੱਸਣ ਮੁਤਾਬਕ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ। ਉਸ ਦੀ ਉਮਰ 14 ਸਾਲ ਹੈ। ਕੁਝ ਸਮਾਂ ਪਹਿਲਾਂ ਉਸ ਦਾ ਪਿਤਾ ਟਾਈਫਾਈਡ ਕਾਰਨ ਅੱਖਾਂ ਮੀਟ ਗਿਆ ਸੀ। ਪਰਿਵਾਰ ਵਿੱਚ ਗ਼ਰੀਬੀ ਹੋਣ ਕਾਰਨ ਉਸਦੇ ਪਿਤਾ ਨੂੰ ਡਾਕਟਰੀ ਸਹਾਇਤਾ ਨਹੀਂ ਸੀ ਮਿਲ ਸਕੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ 2-3 ਹਫ਼ਤੇ ਤੋਂ ਰੇਹੜੀ ਲਗਾ ਰਿਹਾ ਹੈ। ਉਸ ਦੀ ਮਾਂ ਉਸ ਦਾ ਸਾਥ ਦਿੰਦੀ ਹੈ। ਪਰਿਵਾਰ ਵਿਚ ਗੁਰਪ੍ਰੀਤ ਸਿੰਘ ਖੁਦ, ਉਸ ਦੀ ਮਾਂ, ਭਰਾ ਅਤੇ ਭੈਣ ਸ਼ਾਮਲ ਹਨ। ਉਸ ਦਾ ਕਹਿਣਾ ਹੈ ਕਿ ਉਹ ਚਾਂਪ, ਰੋਲ ਅਤੇ ਬਰਗਰ ਖ਼ੁਦ ਤਿਆਰ ਕਰਦਾ ਹੈ। ਉਸ ਦੀ ਮਾਂ ਘਰ ਵਿੱਚ ਹੀ ਮੋਮੋਸ ਅਤੇ ਚਟਣੀ ਬਣਾ ਦਿੰਦੀ ਹੈ। ਉਸ ਦਾ ਭਰਾ ਕੋਈ ਸਾਮਾਨ ਲਿਆ ਕੇ ਦੇ ਦਿੰਦਾ ਹੈ। ਗੁਰਪ੍ਰੀਤ ਦੱਸਦਾ ਹੈ ਕਿ ਉਹ ਸਵੇਰੇ ਸਕੂਲ ਜਾਂਦਾ ਹੈ।

ਢਾਈ ਵਜੇ ਉਹ ਵਾਪਸ ਆਉਂਦਾ ਹੈ। ਕੁਝ ਸਮੇਂ ਬਾਅਦ ਉਹ ਟਿਊਸ਼ਨ ਪੜ੍ਹਨ ਜਾਂਦਾ ਹੈ। ਇਸ ਤੋਂ ਬਾਅਦ ਉਹ ਸ਼ਾਮ ਨੂੰ ਰੇਹੜੀ ਲਗਾਉਂਦਾ ਹੈ। ਗੁਰਪ੍ਰੀਤ ਦੇ ਦੱਸਣ ਮੁਤਾਬਕ ਜੇ ਕਿਸੇ ਦਾ ਪਿਤਾ ਸਿਰ ਤੇ ਨਹੀਂ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਗੁਰੂ ਰਾਮਦਾਸ ਜੀ ਸਾਰਿਆਂ ਦੇ ਪਿਤਾ ਹਨ। ਜੋ ਵੀ ਇਸ ਬੱਚੇ ਦੀ ਮਦਦ ਕਰ ਸਕਦੇ ਹਨ ਕਰਨੀ ਚਾਹੀਦੀ ਹੈ ਅਤੇ ਹਾਲਾਤਾਂ ਨਾਲ ਮੱਥਾ ਲਾਉਣ ਦੀ ਸਿੱਖਿਆ ਲੈਣੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *