ਬਸਪਾ ਵਾਲਿਆਂ ਦਾ ਪੈ ਗਿਆ ਕਿਸਾਨਾਂ ਨਾਲ ਪੇਚਾ, ਲਗਾਏ ਮੁਰਦਾਬਾਦ ਦੇ ਨਾਅਰੇ

ਲੁਧਿਆਣਾ ਫਗਵਾੜਾ ਸੜਕ ਤੇ ਲਾਡੋਵਾਲ ਟੌਲ ਪਲਾਜ਼ੇ ਤੇ ਉਸ ਸਮੇਂ ਅਜੀਬੋ ਗ਼ਰੀਬ ਸਥਿਤੀ ਬਣ ਗਈ, ਜਦੋਂ ਕਿਸਾਨ ਆਗੂਆਂ ਨੇ ਜਾਮ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ। ਸਿੱਟੇ ਵਜੋਂ ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਜਾ ਰਹੀ ਅਲਖ ਜਗਾਓ ਰੈਲੀ ਵਿੱਚ ਜਾ ਰਹੀਆਂ ਬੀ ਐਸ ਪੀ ਵਰਕਰਾਂ ਦੀਆਂ ਗੱਡੀਆਂ ਰੁਕ ਗਈਆਂ। ਜਿਸ ਦੇ ਸਿੱਟੇ ਵਜੋਂ ਦੋਵੇਂ ਧਿਰਾਂ ਵਿੱਚ ਇੱਕ ਦੂਜੇ ਪ੍ਰਤੀ ਨਾਰਾਜ਼ਗੀ ਦੇਖੀ ਗਈ। ਬਹੁਜਨ ਸਮਾਜ ਪਾਰਟੀ ਦੇ ਵਰਕਰ ਕਿਸਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਵੀ ਦੇਖੇ ਗਏ।

ਇਕ ਕਿਸਾਨ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਵਜੇ ਤੋਂ 2 ਵਜੇ ਤੱਕ ਜਾਮ ਲਾਉਣ ਦੀ ਕਾਲ ਆਈ ਸੀ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਸਵੇਰ ਤੋਂ ਗੱਡੀਆਂ ਲੰਘ ਰਹੀਆਂ ਸਨ। ਉਨ੍ਹਾਂ ਨੇ 12 ਵਜੇ ਤੋਂ ਪਹਿਲਾਂ ਕੋਈ ਗੱਡੀ ਨਹੀਂ ਰੋਕੀ। ਇਸ ਆਗੂ ਦਾ ਕਹਿਣਾ ਹੈ ਕਿ ਜੇਕਰ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਤਾਂ ਫੇਰ ਵੀ ਬਚ ਜਾਵੇਗਾ ਪਰ ਮਜ਼ਦੂਰ ਨਹੀਂ ਬਚੇਗਾ।

ਦੂਜੇ ਪਾਸੇ ਬੀ ਐਸ ਪੀ ਆਗੂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਲਾਡੋਵਾਲ ਟੋਲ ਪਲਾਜ਼ੇ ਤੇ ਕਿਸਾਨਾਂ ਵੱਲੋਂ ਰੋਕਿਆ ਗਿਆ ਹੈ। ਫਗਵਾੜਾ ਵਿਖੇ ਹੋ ਰਹੀ ਰੈਲੀ ਵਿਚ ਉਨ੍ਹਾਂ ਦੀਆਂ ਲਗਪਗ 100 ਗੱਡੀਆਂ ਜਾ ਰਹੀਆਂ ਸਨ। ਇਸ ਆਗੂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਵਾਲੇ ਪਹਿਲਾਂ ਦਿੱਲੀ ਕਿਸਾਨ ਧਰਨੇ ਵਿਚ ਕਿਸਾਨਾਂ ਦਾ ਸਾਥ ਦਿੰਦੇ ਰਹੇ ਹਨ। ਹੋ ਸਕਦਾ ਹੈ ਹੁਣ ਵੀ ਉਹ ਰੈਲੀ ਤੋਂ ਬਾਅਦ ਕਿਸਾਨਾਂ ਦੇ ਨਾਲ ਡਟ ਜਾਂਦੇ ਪਰ ਕਾਂਗਰਸ ਦੀ ਸ਼ਹਿ ਤੇ ਉਨ੍ਹਾਂ ਨੂੰ ਅਲਖ ਜਗਾਊ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਪੁਲੀਸ ਦੇ ਦਖਲ ਦੇਣ ਕਾਰਨ ਦੋਵੇਂ ਧਿਰਾਂ ਵਿੱਚ ਟਕਰਾਅ ਹੋਣ ਤੋਂ ਟਲ ਗਿਆ। ਹੁਣ ਤਕ ਕਿਸਾਨ ਮਜ਼ਦੂਰ ਏਕਤਾ ਦੇ ਨਾਮ ਤੇ ਹੀ ਇਹ ਕਿਸਾਨੀ ਸੰਘਰਸ਼ ਚੱਲਦਾ ਰਿਹਾ ਹੈ। ਜਿਸ ਨੂੰ ਲਗਪਗ 9 ਮਹੀਨੇ ਹੋ ਗਏ ਹਨ। ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਦੂਰੀਆਂ ਵਧਣ ਕਾਰਨ ਇਸ ਸੰਘਰਸ਼ ਨੂੰ ਜ਼ਰੂਰ ਨੁਕਸਾਨ ਹੋਵੇਗਾ। ਜਿਸ ਦਾ ਸਿੱਧਾ ਲਾਭ ਕੇਂਦਰ ਸਰਕਾਰ ਨੂੰ ਹੋਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *