ਟਰਾਲੀ ਬੈਕ ਕਰਵਾਉਣੀ ਪਈ ਜਾਨ ਤੋਂ ਮਹਿੰਗੀ, ਪਿਓ ਬੈਠਾ ਦਿੱਲੀ ਬਾਰਡਰ ਤੇ ਪੁੱਤ ਨਾਲ ਵਾਪਰ ਗਿਆ ਭਾਣਾ

ਕਿਸਾਨਾਂ ਦਾ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਪਿਆ ਰੇੜਕਾ ਹਾਲੇ ਤਕ ਕਿਸੇ ਕਿਨਾਰੇ ਲੱਗਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਬੈਠੇ ਹਨ। ਇਸ ਦੌਰਾਨ ਪਤਾ ਨਹੀਂ ਕਿੰਨੇ ਕੁ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ। ਕਈ ਕਿਸਾਨ ਜੋ ਲੰਬੇ ਸਮੇਂ ਤੋਂ ਆਪਣੇ ਘਰ ਨਹੀਂ ਪਰਤੇ ਅਤੇ ਦਿੱਲੀ ਹੀ ਬੈਠੇ ਹਨ। ਉਨ੍ਹਾਂ ਲਈ ਉਸ ਸਮੇਂ ਹਾਲਾਤ ਔਖੇ ਹੋ ਜਾਂਦੇ ਹਨ।

ਜਦੋਂ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਪਿੱਛੇ ਪਰਿਵਾਰ ਨਾਲ ਵੱਡਾ ਭਾਣਾ ਵਾਪਰ ਜਾਂਦਾ ਹੈ। ਇਨ੍ਹਾਂ ਕਿਸਾਨਾਂ ਦੇ ਪਰਿਵਾਰ ਦਿਨ ਰਾਤ ਵਾਡਰਾ ਤੇ ਬੈਠੇ ਕਿਸਾਨਾਂ ਲਈ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਅਰਦਾਸਾਂ ਬੇਨਤੀਆਂ ਕਰਨ ਵਾਲਿਆਂ ਨਾਲ ਹੀ ਵੱਡਾ ਭਾਣਾ ਵਾਪਰ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਦੇ ਪਿੰਡ ਸੰਗੋਜਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸੁਖਵਿੰਦਰ ਸਿੰਘ ਨਾਮਕ ਨੌਜਵਾਨ ਦੀ ਥਮ੍ਹਲੇ ਹੇਠ ਆਉਣ ਨਾਲ ਜਾਨ ਚਲੀ ਗਈ।

ਇਸ ਤੋਂ ਬਾਅਦ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਸੁਖਵਿੰਦਰ ਸਿੰਘ ਬੀਤੀ ਰਾਤ ਕਰਿਆਨੇ ਦੀ ਦੁਕਾਨ ਤੋਂ ਕੋਈ ਸਾਮਾਨ ਲੈਣ ਲਈ ਗਿਆ ਸੀ। ਉੱਥੇ ਟਰਾਲੀ ਨੂੰ ਬੈਕ ਕਰਵਾਉਂਦੇ ਸਮੇਂ ਇਹ ਭਾਣਾ ਵਾਪਰ ਗਿਆ। ਇਸ ਸਮੇਂ ਰਾਤ ਦਾ ਸਮਾਂ ਸੀ। ਜਿਸ ਕਰਕੇ ਹਨ੍ਹੇਰਾ ਹੋਣ ਕਾਰਨ ਟਰਾਲੀ ਬੈਕ ਕਰਵਾਉਂਦੇ ਸਮੇਂ ਥਮਲੇ ਨਾਲ ਲੱਗ ਗਈ ਅਤੇ ਥਮਲਾ ਸੁਖਵਿੰਦਰ ਦੇ ਉੱਪਰ ਡਿੱਗ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਸੁਖਵਿੰਦਰ ਨੂੰ ਥਮਲੇ ਹੇਠੋਂ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ

ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹੋਰ ਜਾਣਕਾਰੀ ਲਈ ਦੱਸ ਦੇਈਏ ਕਿ ਮ੍ਰਿਤਕ ਲੜਕੇ ਦਾ ਪਿਤਾ ਸੀਤਲ ਸਿੰਘ ਔਜਲਾ ਕਿਰਤੀ ਕਿਸਾਨ ਯੂਨੀਅਨ ਨਾਲ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਿਹਾ ਹੈ। ਨੌਜਵਾਨ ਪੁੱਤ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਿਤਾ ਨੂੰ ਪੰਜਾਬ ਆਉਣਾ ਪਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੇ ਹਨ।

Leave a Reply

Your email address will not be published. Required fields are marked *