ਸ਼ਹੀਦ ਦੀ ਪਤਨੀ ਰੋ ਰੋ ਪੁੱਛੇ ਸਵਾਲ, ਦੇਖਣ ਵਾਲਿਆਂ ਦੀਆਂ ਅੱਖਾਂ ਚੋਂ ਵੀ ਨਿਕਲ ਆਏ ਹੰਝੂ

ਭਾਰਤੀ ਫ਼ੌਜ ਦਾ ਜਵਾਨ ਗੱਜਣ ਸਿੰਘ ਭਰ ਜਵਾਨੀ ਵਿੱਚ ਮੁਲਕ ਲਈ ਸ਼ਹੀਦ ਹੋ ਗਿਆ। ਅਜੇ ਇਸੇ ਸਾਲ ਫਰਵਰੀ ਮਹੀਨੇ ਉਸਦਾ ਹਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਅਤੇ ਉਹ ਕਿਸਾਨੀ ਝੰਡਾ ਲਗਾ ਕੇ ਹਰਪ੍ਰੀਤ ਕੌਰ ਨੂੰ ਵਿਆਹ ਕੇ ਲਿਆਇਆ ਸੀ। ਨੂਰਪੁਰ ਬੇਦੀ ਦੇ ਇੱਕ ਪਿੰਡ ਵਿੱਚ ਗੱਜਣ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਪਟੀ ਹੋਈ ਪਹੁੰਚੀ। ਸਾਰੇ ਪਿੰਡ ਵਿੱਚ ਮਾਹੌਲ ਗਮਗੀਨ ਹੋਇਆ ਪਿਆ ਹੈ। ਕੁਝ ਮਹੀਨੇ ਪਹਿਲਾਂ ਵਿਆਹੀ ਹਰਪ੍ਰੀਤ ਕੌਰ ਦੀ ਹਾਲਤ ਦੇਖੀ ਨਹੀਂ ਜਾਂਦੀ।

ਉਹ ਭੁੱਬਾਂ ਮਾਰ ਮਾਰ ਰੋ ਰਹੀ ਸੀ। ਉਹ ਕਹਿੰਦੀ ਹੈ, ਫ਼ੌਜੀ ਉੱਠ ਜਾ। ਦੱਸ ਤੈਨੂੰ ਕੀ ਹੋਇਆ ਹੈ? ਉਹ ਨਾਲ ਦੇ ਫੌਜੀਆਂ ਨੂੰ ਪੁੱਛਦੀ ਹੈ, ਦੱਸੋ ਵੀਰੋ ਮੇਰੇ ਫੌਜੀ ਨੂੰ ਕੀ ਹੋਇਆ ਹੈ? ਕਾਇਰਾਂ ਨੇ ਕੀ ਕੀਤਾ ਹੈ? ਉਹ ਚੀਕ ਕੇ ਕਹਿੰਦੀ ਹੈ, ਗੱਜੂ ਉੱਠ। ਬੋਲ, ਹਰਪ੍ਰੀਤ ਮੈਂ ਆ ਗਿਆ ਹਾਂ। ਉਸ ਦੀਆਂ ਇਨ੍ਹਾਂ ਗੱਲਾਂ ਨੇ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਅਜੇ ਤਾਂ ਗੱਜਣ ਸਿੰਘ ਦੀ ਪਤਨੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ।

ਭਰ ਜਵਾਨੀ ਵਿੱਚ ਉਸ ਦਾ ਪਤੀ ਉਸ ਨੂੰ ਸਦਾ ਲਈ ਛੱਡ ਕੇ ਮੁਲਕ ਲਈ ਕੁਰਬਾਨ ਹੋ ਗਿਆ। ਭਾਵੇਂ ਫੌਜੀ ਜਵਾਨ ਕਹਿ ਰਹੇ ਸਨ ਕਿ ਸ਼ਹੀਦ ਦੇ ਚਿਹਰੇ ਨੂੰ ਨਾ ਛੂਹਿਆ ਜਾਵੇ ਪਰ ਹਰਪ੍ਰੀਤ ਕੌਰ ਖੁਦ ਨੂੰ ਰੋਕ ਨਹੀਂ ਸਕੀ। ਸ਼ਹੀਦ ਗੱਜਣ ਸਿੰਘ ਦਾ ਪਿਤਾ ਵੀ ਫੌਜੀ ਜਵਾਨਾਂ ਦੇ ਗਲ਼ ਲੱਗ ਕੇ ਰੋ ਰਿਹਾ ਸੀ। ਮਾਹੌਲ ਬਹੁਤ ਹੀ ਸੋਗਮਈ ਸੀ। ਹਰ ਅੱਖ ਸਿੱਲੀ ਨਜ਼ਰ ਆ ਰਹੀ ਸੀ।

Leave a Reply

Your email address will not be published. Required fields are marked *