ਮਾਂ ਕਰਦੀ ਸੀ ਘਰ ਚ ਨੂੰਹ ਲਿਆਉਣ ਦੀਆਂ ਤਿਆਰੀਆਂ, ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਛਾਅ ਗਿਆ ਮਾਤਮ

ਗੁਰਦਾਸਪੁਰ ਦੇ ਪੁਲਿਸ ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਭੂਲੇ ਚੱਕ ਦੇ ਰਹਿਣ ਵਾਲੀ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰਦੀ ਇਕ ਮਾਂ ਦੇ ਸੁਪਨੇ ਉਸ ਸਮੇਂ ਮਿੱਟੀ ਵਿੱਚ ਮਿਲ ਗਏ, ਜਦੋਂ ਉਸ ਦਾ ਪੁੱਤਰ ਮੰਦੀ ਹਾਲਤ ਵਿੱਚ ਪਿੰਡ ਦੇ ਸਟੇਡੀਅਮ ਵਿੱਚ ਪਿਆ ਮਿਲਿਆ ਅਤੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਿਆ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਪੁੱਤਰ ਇਸੇ ਮਹੀਨੇ ਦੀ 9 ਤਾਰੀਖ਼ ਨੂੰ 8 ਮਹੀਨੇ ਪਿੱਛੋਂ ਦੁਬਈ ਤੋਂ ਵਿਆਹ ਕਰਵਾਉਣ ਲਈ ਛੁੱਟੀ ਆਇਆ ਸੀ।

11 ਤਰੀਕ ਨੂੰ ਉਸ ਨੂੰ ਪਿੰਡ ਦੇ ਹੀ ਕੁਝ ਮੁੰਡੇ ਬੁਲਾ ਕੇ ਲੈ ਗਏ। ਮਾਂ ਦੇ ਦੱਸਣ ਮੁਤਾਬਕ ਉਸ ਦੇ ਪੁੱਤਰ ਰਘਬੀਰ ਸਿੰਘ ਨੇ ਇੱਕ ਵਾਰ ਉਸ ਨਾਲ ਫੋਨ ਤੇ ਗੱਲ ਕਰ ਕੇ ਦੱਸਿਆ ਕਿ ਉਸ ਨੂੰ ਮੁੰਡਿਆਂ ਨੇ ਘੇਰ ਲਿਆ ਹੈ। ਉਸ ਤੋਂ ਬਾਅਦ ਫੋਨ ਬੰਦ ਹੋ ਗਿਆ। ਮਾਂ ਦਾ ਕਹਿਣਾ ਹੈ ਕਿ ਸਵੇਰੇ ਸਟੇਡੀਅਮ ਵਿੱਚ ਉਨ੍ਹਾਂ ਨੂੰ ਰਘਵੀਰ ਮੰਦੀ ਹਾਲਤ ਵਿੱਚ ਪਿਆ ਮਿਲਿਆ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨਾਲ ਪਿੰਡ ਦੇ ਹੀ ਕੁੱਝ ਨੌਜਵਾਨਾਂ ਜਿਨ੍ਹਾਂ ਵਿੱਚ ਟੀਟਾ ਵੀ ਸ਼ਾਮਲ ਸੀ, ਖਿੱਚ ਧੂਹ ਕੀਤੀ ਗਈ ਹੈ।

ਉਸ ਦੀ ਸਕੂਟਰੀ ਕੋਲ ਖੜ੍ਹੀ ਸੀ ਪਰ ਉਸ ਵਿਚੋਂ ਚਾਬੀ ਨਹੀਂ ਸੀ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ 2 ਤੋਲੇ ਦਾ ਸੋਨੇ ਦਾ ਕੜਾ ਪਹਿਨਿਆ ਹੋਇਆ ਸੀ। ਉਸ ਕੋਲ ਇੱਕ ਲੱਖ ਰੁਪਿਆ ਸੀ ਅਤੇ ਵਧੀਆ ਮੋਬਾਇਲ ਸੀ। ਜਿਹੜਾ ਕਿ ਗਾਇਬ ਕਰ ਦਿੱਤਾ ਗਿਆ। ਉਹ ਆਪਣੇ ਪੁੱਤਰ ਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਲੈ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਿ੍ਤਕ ਰਘਵੀਰ ਸਿੰਘ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਉਹ ਤਿੰਨੇ ਭਰਾ ਦੁਬਈ ਵਿੱਚ ਕੰਮ ਕਰਦੇ ਹਨ।

ਰਘਵੀਰ 3 ਦਿਨ ਪਹਿਲਾਂ ਹੀ ਵਿਆਹ ਕਰਵਾਉਣ ਲਈ ਪੰਜਾਬ ਆਇਆ ਸੀ। ਉਸ ਦੇ ਦੱਸਣ ਮੁਤਾਬਕ ਪਿੰਡ ਵਿੱਚ ਕੁਝ ਵਿਅਕਤੀ ਅਮਲ ਦਾ ਕੰਮ ਕਰਦੇ ਹਨ। ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਰਘਬੀਰ ਦੇ ਗੋਡਿਆਂ ਤੋਂ ਉੱਠਿਆ ਨਹੀਂ ਸੀ ਜਾਂਦਾ। ਉਸ ਦੀ ਬੁਰੀ ਤਰ੍ਹਾਂ ਖਿੱਚ ਧੂਹ ਕੀਤੀ ਗਈ ਸੀ ਅਤੇ ਦੋਸ਼ੀ ਉਸ ਦਾ ਮੋਬਾਈਲ, ਸੋਨੇ ਦਾ ਕੜਾ ਅਤੇ ਨਕਦੀ ਲੈ ਗਏ ਹਨ। ਉਸ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਅਤੇ ਪੁਲਿਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਭੂਲੇ ਚੱਕ ਦੇ ਨੌਜਵਾਨ ਰਘਵੀਰ ਸਿੰਘ ਪੁੱਤਰ ਸੁੱਚਾ ਸਿੰਘ ਦੀ ਪਿਛਲੇ ਦਿਨੀਂ ਜਾਨ ਚਲੀ ਗਈ ਸੀ। ਪਰਿਵਾਰ ਨੇ ਕੁਝ ਵਿਅਕਤੀਆਂ ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *