ਵੱਡੀ ਖਬਰ- ਇੱਕ ਹੋਰ ਨਿਹੰਗ ਸਿੰਘ ਆਇਆ ਸਾਹਮਣੇ, ਗੁਰਦਵਾਰਾ ਸਾਹਿਬ ਮੱਥਾ ਟੇਕ ਦਿੱਤੀ ਗਿਰਫਤਾਰੀ

ਇਕ ਦਿਨ ਪਹਿਲਾਂ ਦੁਸਹਿਰੇ ਵਾਲੇ ਦਿਨ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਦੇ ਸਬੰਧ ਵਿਚ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਅਮਰਕੋਟ ਦੇ ਰਹਿਣ ਵਾਲੇ ਨਰਾਇਣ ਸਿੰਘ ਨਾਮ ਦੇ ਇੱਕ ਨਿਹੰਗ ਸਿੰਘ ਨੇ ਵੀ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਨਿਹੰਗ ਸਿੰਘ ਨੇ ਆਪਣੇ ਪਿੰਡ ਅਮਰਕੋਟ ਵਿਖੇ ਹੀ ਖ਼ੁਦ ਨੂੰ ਪੁਲਿਸ ਹਵਾਲੇ ਕੀਤਾ ਹੈ। ਸਿੰਘੂ ਬਾਰਡਰ ਤੇ ਵਾਪਰੀ ਘਟਨਾ ਤੋਂ ਬਾਅਦ ਨਰਾਇਣ ਸਿੰਘ ਆਪਣੇ ਪਿੰਡ ਵਾਪਸ ਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਨਰਾਇਣ ਸਿੰਘ ਚਾਹੁੰਦਾ ਸੀ ਕਿ ਪੁਲਿਸ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਉਹ ਅੰਮਿ੍ਤਸਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਲਵੇ ਪਰ ਪਿੰਡ ਵਿੱਚ ਪੁਲਿਸ ਪਹੁੰਚ ਜਾਣ ਕਾਰਨ ਉਸ ਨੂੰ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਿਆ। ਜਿਸ ਕਰਕੇ ਉਸ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੀ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਇਕ ਦਿਨ ਪਹਿਲਾਂ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਖੁਦ ਨੂੰ ਪੁਲਿਸ ਸਾਹਮਣੇ ਪੇਸ਼ ਕਰ ਦਿੱਤਾ ਸੀ। ਜਿਸ ਨੂੰ ਅੱਜ ਸ਼ਨੀਵਾਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਉਸ ਦਾ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਿੰਘੂ ਬਾਰਡਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਵਿਚ ਲਖਵੀਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ ਗਈ ਸੀ।

ਲਖਵੀਰ ਸਿੰਘ ਦਾ ਇੱਕ ਹੱਥ ਅਲੱਗ ਕਰ ਦਿੱਤਾ ਗਿਆ ਸੀ। ਉਸ ਦੀ ਲੱਤ ਉੱਤੇ ਵੀ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ ਸੀ। ਉਸ ਦੇ ਸਰੀਰ ਉੱਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਦੇਖੇ ਗਏ। ਉਸ ਨੂੰ ਇਕ ਤਾਰ ਦੀ ਮੱਦਦ ਨਾਲ ਬੈਰੀਕੇਡ ਨਾਲ ਟੰਗਿਆ ਗਿਆ ਸੀ। ਜਿਸ ਤੋਂ ਬਾਅਦ ਲਖਵੀਰ ਸਿੰਘ ਦਮ ਤੋੜ ਗਿਆ ਸੀ। ਨਿਹੰਗ ਸਿੰਘ ਸਰਬਜੀਤ ਸਿੰਘ ਨੇ ਇਸ ਦੀ ਖ਼ੁਦ ਜ਼ਿੰਮੇਵਾਰੀ ਲੈ ਲਈ ਸੀ।

Leave a Reply

Your email address will not be published. Required fields are marked *