ਖੇਤਾਂ ਚ ਵੱਢਕੇ ਸੁੱਟਿਆ ਮਾਂ ਦਾ ਲਾਡਲਾ ਪੁੱਤ, ਜੇ ਮਾਂ ਦੀ ਮੰਨ ਲੈਂਦਾ ਗੱਲ ਤਾਂ ਬਚ ਜਾਂਦੀ ਜਾਨ

ਅੱਜ ਕੱਲ੍ਹ ਕਿਸ ਤੇ ਭਰੋਸਾ ਕਰਨ ਦਾ ਸਮਾਂ ਨਹੀਂ ਰਿਹਾ। ਪਤਾ ਨਹੀਂ ਕਦੋਂ ਕਿਸੇ ਨਾਲ ਕੀ ਵਾਪਰ ਜਾਵੇ? ਪੈਸੇ ਪਿੱਛੇ ਇਨਸਾਨ ਹੀ ਇਨਸਾਨ ਦੀ ਜਾਨ ਲੈਣ ਤੋਂ ਗੁਰੇਜ਼ ਨਹੀਂ ਕਰਦਾ। ਇਨਸਾਨ ਨਾਲੋਂ ਪੈਸੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਅੰਮ੍ਰਿਤਸਰ ਦੇ ਗੁੱਜਰਪੁਰ ਪਿੰਡ ਵਿਚ ਇਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿਚ ਮ੍ਰਿਤਕ ਦੇਹ ਮਿਲੀ ਹੈ। ਜਿਸ ਤੇ ਤੇਜ਼ਧਾਰ ਚੀਜ਼ ਦੇ ਨਿਸ਼ਾਨ ਹਨ। ਕਰਨ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਦਾ ਵੱਡਾ ਭਰਾ ਥੌਮਸ ਰਾਤ ਕਿਸੇ ਨੂੰ ਫੋਨ ਵੇਚਣ ਗਿਆ ਸੀ।

ਉਹ ਕਹਿ ਰਿਹਾ ਸੀ ਕਿ 17 ਹਜ਼ਾਰ ਰੁਪਏ ਵਿੱਚ ਉਸ ਦਾ ਮੋਬਾਈਲ ਵਿਕ ਰਿਹਾ ਹੈ। ਕਰਨ ਦੇ ਦੱਸਣ ਮੁਤਾਬਕ ਥੌਮਸ ਕਹਿ ਰਿਹਾ ਸੀ ਕਿ ਕੋਈ ਸਨੀ ਨਾਮ ਦਾ ਵਿਅਕਤੀ ਹਸਪਤਾਲ ਕੋਲ ਖੜ੍ਹਾ ਹੈ। ਜਿਸ ਨੂੰ ਉਹ ਮੋਬਾਇਲ ਦੇਣ ਜਾ ਰਿਹਾ ਹੈ। ਥੌਮਸ ਵਾਪਿਸ ਘਰ ਨਹੀਂ ਆਇਆ, ਉਨ੍ਹਾਂ ਨੇ ਵੀ ਵਿਆਹ ਵਿੱਚ ਹੋਣ ਕਾਰਨ ਗ਼ੌਰ ਨਹੀਂ ਕੀਤੀ। ਸਵੇਰੇ ਪਤਾ ਲੱਗਾ ਕਿ ਥੌਮਸ ਦੀ ਮ੍ਰਿਤਕ ਦੇਹ ਪਈ ਹੈ। ਉਹ ਨਹੀਂ ਜਾਣਦੇ ਕਿ ਸਨੀ ਕੌਣ ਹੈ। ਕਰਨ ਨੇ ਇਨਸਾਫ ਦੀ ਮੰਗ ਕੀਤੀ ਹੈ।

ਮ੍ਰਿਤਕ ਥੌਮਸ ਦੀ ਮਾਂ ਨੇ ਦੱਸਿਆ ਹੈ ਕਿ ਰਾਤ ਉਨ੍ਹਾਂ ਦਾ ਪੁੱਤਰ ਕਿਸੇ ਨੂੰ ਮੋਬਾਈਲ ਵੇਚਣ ਗਿਆ ਸੀ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਰੋਕਿਆ ਵੀ ਸੀ ਪਰ ਉਹ ਬੂਟ ਖੋਲ੍ਹ ਕੇ ਚੱਪਲ ਪਹਿਨ ਕੇ ਚਲਾ ਗਿਆ। ਮਾਂ ਦੇ ਦੱਸਣ ਮੁਤਾਬਕ ਥੌਮਸ ਰਾਤ ਨੂੰ ਘਰ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਨੇ ਸੋਚਿਆ ਕਿ ਉਹ ਕਿਸੇ ਗੁਆਂਢੀ ਕੋਲ ਸੌਂ ਗਿਆ ਹੋਵੇਗਾ। ਸਵੇਰੇ ਪਤਾ ਲੱਗਾ ਕਿ ਕਿਸੇ ਲੜਕੇ ਦੀ ਮ੍ਰਿਤਕ ਦੇਹ ਪਈ ਹੈ। ਉਨ੍ਹਾਂ ਨੇ ਆਪਣੀਆਂ ਜਠਾਣੀਆਂ ਨੂੰ ਇਸ ਦੀ ਸ਼ਨਾਖਤ ਕਰਨ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਪੁੱਤਰ ਰਾਤ ਘਰ ਨਹੀਂ ਸੀ ਆਇਆ।

ਮ੍ਰਿਤਕ ਦੀ ਮਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਪਿੰਡ ਗੁਜਰਪੁਰ ਵਿਖੇ ਇਕ ਨੌਜਵਾਨ ਦੀ ਮ੍ਰਿਤਕ ਦੇਹ ਪਈ ਹੋਣ ਦੀ ਇਤਲਾਹ ਮਿਲੀ ਸੀ। ਮ੍ਰਿਤਕ ਦੀ ਸ਼ਨਾਖਤ 20 ਸਾਲਾ ਥੌਮਸ ਵਜੋਂ ਹੋਈ ਹੈ। ਜੋ ਇਸੇ ਪਿੰਡ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਨੇ ਤਿੱਖੀ ਚੀਜ਼ ਨਾਲ ਨੌਜਵਾਨ ਦੀ ਜਾਨ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *