CM ਚੰਨੀ ਨੇ ਪਰਗਟ ਸਿੰਘ ਨਾਲ ਖੇਡੀ ਹਾਕੀ, ਚੰਨੀ ਬਣੇ ਗੋਲਕੀਪਰ, ਪਰਗਟ ਸਿੰਘ ਨੇ ਦਾਗੇ ਗੋਲ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਇਕ ਸਿਆਸਤਦਾਨ ਦੇ ਤੌਰ ਤੇ ਦੇਖ ਰਹੇ ਹਾਂ ਪਰ ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਇਕ ਵਧੀਆ ਖਿਡਾਰੀ ਵੀ ਰਹਿ ਚੁੱਕੇ ਹਨ। ਉਹ ਯੂਨੀਵਰਸਿਟੀ ਪੱਧਰ ਤਕ ਹੈਂਡਬਾਲ ਖੇਡ ਚੁੱਕੇ ਹਨ। ਭਾਵੇਂ ਉਹ ਹੈਂਡਬਾਲ ਦੇ ਖਿਡਾਰੀ ਸਨ ਪਰ ਹੁਣ ਵੀ ਹਾਕੀ ਵਿੱਚ ਹੱਥ ਅਜ਼ਮਾਉਣ ਤੋਂ ਨਹੀਂ ਝਿਜਕਦੇ। ਇਸ ਦਾ ਨਜ਼ਾਰਾ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਦੇਖਣ ਨੂੰ ਮਿਲਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇੱਥੇ ਉਨ੍ਹਾਂ ਨੇ ਹਾਕੀ ਖਿਡਾਰੀਆਂ ਨਾਲ ਤਸਵੀਰਾਂ ਵੀ ਕਰਵਾਈਆਂ। ਮੰਚ ਤੋਂ ਮੰਚ ਸੰਚਾਲਕ ਨੇ ਮੁੱਖ ਮੰਤਰੀ ਨੂੰ ਹਾਕੀ ਦੇ ਮੈਚ ਵਿੱਚ ਵੀ ਹਿੱਸਾ ਲੈਣ ਲਈ ਬੇਨਤੀ ਕਰ ਦਿੱਤੀ। ਜਿਸ ਤੇ ਮੁੱਖ ਮੰਤਰੀ ਤੁਰੰਤ ਗੋਲਕੀਪਰ ਵਾਲੀ ਵਰਦੀ ਪਹਿਨ ਕੇ ਮੈਦਾਨ ਵਿੱਚ ਜਾ ਖੜ੍ਹੇ। ਦੂਜੇ ਪਾਸੇ ਕੈਬਨਿਟ ਮੰਤਰੀ ਪਰਗਟ ਸਿੰਘ ਹਾਕੀ ਫੜ ਕੇ ਆ ਗਏ। ਮੁੱਖ ਮੰਤਰੀ ਅਤੇ ਮੰਤਰੀ ਵਿਚਕਾਰ ਹੋਏ ਇਸ ਮੈਚ ਤੇ ਉਥੇ ਹਾਜ਼ਰ ਲੋਕਾਂ ਨੇ ਖੂਬ ਤਾੜੀਆਂ ਵਜਾਈਆਂ।

ਪਰਗਟ ਸਿੰਘ ਵੱਲੋਂ 5 ਗੇਂਦਾਂ ਹਿੱਟ ਕੀਤੀਆਂ ਗਈਆਂ। ਜਿਨ੍ਹਾਂ ਵਿਚੋਂ ਮੁੱਖ ਮੰਤਰੀ ਨੇ ਤਿੰਨ ਗੋਲ ਰੋਕ ਲਏ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਜੀਵਨ ਦੀ ਯਾਦ ਤਾਜ਼ਾ ਹੋ ਗਈ ਹੈ। ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ ਤਾਂ ਕਿ ਸੂਬੇ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਸਕਣ।

ਇਹ ਹੀ ਦ੍ਰਿਸ਼ ਮੁਹਾਲੀ ਦੇ ਹਾਕੀ ਸਟੇਡੀਅਮ ਵਿੱਚ ਦੇਖਣ ਨੂੰ ਮਿਲਿਆ ਸੀ। ਇੱਥੇ ਵੀ ਮੁੱਖ ਮੰਤਰੀ ਗੋਲਕੀਪਰ ਬਣੇ ਨਜ਼ਰ ਆਏ ਸਨ। ਇੱਥੇ ਪਰਗਟ ਸਿੰਘ ਦੀ ਥਾਂ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਭਜੋਤ ਸਿੰਘ ਨੇ ਸ਼ਾਟ ਲਾਏ ਸਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੀ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਰਾਜਨੀਤੀ ਦੇ ਨਾਲ ਨਾਲ ਹੋਰ ਪਾਸੇ ਵੀ ਦਿਲਚਸਪੀ ਰੱਖਦੇ ਹਨ।

Leave a Reply

Your email address will not be published. Required fields are marked *