ਹਰਸਿਮਰਤ ਬਾਦਲ ਨੇ ਪੁੱਤ ਤੇ ਧੀ ਨਾਲ ਦਰਬਾਰ ਸਾਹਿਬ ਟੇਕਿਆ ਮੱਥਾ, ਦੇਖੋ ਤਸਵੀਰਾਂ

ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਰਿਵਾਰ ਸਮੇਤ ਪਹੁੰਚੇ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਉਹ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਆਏ ਸਨ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਨਿਸ਼ਾਨੇ ਲਾਏ।

ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵਾਲੇ 100 ਸੀਟਾਂ ਜਿੱਤਣ ਦੇ ਦਾਅਵੇ ਕਰਦੇ ਸਨ ਪਰ ਉਨ੍ਹਾਂ ਨੂੰ ਸਿਰਫ਼ 20 ਸੀਟਾਂ ਹੀ ਮਿਲੀਆਂ ਸਨ। ਇਨ੍ਹਾਂ ਵਿੱਚੋਂ ਵੀ ਉਨ੍ਹਾਂ ਕੋਲ ਸਿਰਫ਼ 10 ਸੀਟਾਂ ਹੀ ਬਚੀਆਂ ਹਨ। ਬਾਕੀ ਵਿਧਾਇਕ ਸਾਥ ਛੱਡ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਤੇ ਟਿਕਟਾਂ ਵੇਚਣ ਦੇ ਵੀ ਦੋਸ਼ ਲਗਾਏ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਮੁੱਖ ਮੰਤਰੀ ਦੱਸਿਆ।

ਉਨ੍ਹਾਂ ਦੇ ਦੱਸਣ ਮੁਤਾਬਕ ਚਰਨਜੀਤ ਸਿੰਘ ਚੰਨੀ ਐਲਾਨ ਤਾਂ ਕਰਦੇ ਹਨ ਪਰ ਗਰਾਊਂਡ ਤੇ ਇਨ੍ਹਾਂ ਐਲਾਨਾਂ ਤੇ ਕੋਈ ਅਮਲ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਸੀ ਕਿ ਨਾ ਤਾਂ ਸਸਤੀ ਬਿਜਲੀ ਮਿਲਦੀ ਹੈ, ਨਾ ਕਿਸੇ ਨੂੰ ਨੌਕਰੀ ਮਿਲੀ ਹੈ ਅਤੇ ਨਾ ਹੀ ਸਸਤਾ ਰੇਤਾ ਮਿਲ ਰਿਹਾ ਹੈ। 40 ਦਿਨਾਂ ਤਕ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਹ ਸਰਕਾਰ ਤਾਂ ਡੰਗ ਟਪਾ ਰਹੀ ਹੈ। ਚਰਨਜੀਤ ਸਿੰਘ ਚੰਨੀ ਨੇ ਤਾਂ ਆਪਣਾ ਸਮਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਉਤਾਰ ਕੇ ਆਪਣੀਆਂ ਫੋਟੋਆਂ ਲਾਉਣ ਵਿੱਚ ਹੀ ਗੁਜ਼ਾਰ ਦਿੱਤਾ।

ਜਦਕਿ ਇਸ ਸਮੇਂ ਉਨ੍ਹਾਂ ਨੂੰ ਲੋਕਾਂ ਦੇ ਕੰਮ ਕਰਨ ਚਾਹੀਦੇ ਸਨ। ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਦੋਵੇਂ ਪਾਰਟੀਆਂ ਤੇ ਚੁਣ ਚੁਣ ਕੇ ਨਿਸ਼ਾਨੇ ਸਾਧੇ। 2022 ਦੀਆ ਚੋਣਾਂ ਵਿੱਚ ਲੋਕ ਸੂਬੇ ਦੀ ਵਾਗਡੋਰ ਕਿਸ ਨੂੰ ਸੰਭਾਲਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸਾਰੀਆਂ ਪਾਰਟੀਆਂ ਹੁਣ ਤੋਂ ਹੀ ਆਪਣੇ ਆਪ ਨੂੰ ਅਗਲੀ ਹੁਕਮਰਾਨ ਧਿਰ ਵਜੋਂ ਦੇਖ ਰਹੀਆਂ ਹਨ।

Leave a Reply

Your email address will not be published. Required fields are marked *