ਖੇਤੀ ਕਾਨੂੰਨ ਰੱਦ ਹੋਣ ਤੇ ਮੁੰਡੇ ਨੇ ਕਰਵਾਇਆ ਅਨੋਖੇ ਤਰੀਕੇ ਨਾਲ ਵਿਆਹ, ਦੇਖਣ ਵਾਲਿਆਂ ਦਾ ਲੱਗਿਆ ਮੇਲਾ

ਕੇਂਦਰ ਸਰਕਾਰ ਦੁਆਰਾ 3 ਖੇਤੀ ਕਾਨੂੰਨ ਰੱਦ ਕਰ ਦੇਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਇਸ ਖੁਸ਼ੀ ਵਿੱਚ ਹੀ ਕਿਸਾਨਾਂ ਦੁਆਰਾ ਲੱਡੂ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ਦਿੱਲੀ ਦੇ ਧਰਨੇ ਵਾਲੇ ਵੱਖ ਵੱਖ ਸਥਾਨਾਂ ਤੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਸਿਰਸੀਵਾਲਾ ਦੇ ਦਵਿੰਦਰ ਸਿੰਘ ਨਾਮ ਦੇ ਲੜਕੇ ਨੇ ਇਨ੍ਹਾਂ ਕਾਨੂੰਨਾਂ ਦੇ ਰੱਦ ਹੋ ਜਾਣ ਦੀ ਖ਼ੁਸ਼ੀ ਵਿੱਚ ਆਪਣੀ ਬਰਾਤ ਵੱਖਰੇ ਹੀ ਅੰਦਾਜ਼ ਵਿਚ ਚੜ੍ਹਾਈ।

ਲਾਕਡਾਊਨ ਦੇ ਦਿਨਾਂ ਵਿੱਚ ਟਰੈਕਟਰ ਤੇ ਦੁਲਹਨ ਲਿਆਉਂਦੇ ਲਾੜੇ ਬਾਰੇ ਤਾਂ ਅਸੀਂ ਸੁਣਿਆ ਹੈ ਪਰ ਇਹ ਤਾਂ ਪੂਰੀ ਬਰਾਤ ਹੀ ਟ੍ਰੈਕਟਰਾਂ ਤੇ ਗਈ ਹੈ। ਟਰੈਕਟਰਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਲਿਜਾਇਆ ਗਿਆ। ਵਿਆਹ ਵਾਲੇ ਲੜਕੇ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਟਰੈਕਟਰ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ। ਇਹ ਕਿਸਾਨ ਦੀ ਆਮਦਨ ਦਾ ਸਾਧਨ ਹੈ। ਉਨ੍ਹਾਂ ਨੂੰ ਖੇਤੀ ਕਾਨੂੰਨ ਰੱਦ ਹੋ ਜਾਣ ਦੀ ਬਹੁਤ ਖ਼ੁਸ਼ੀ ਹੈ। ਜਿਸ ਕਰਕੇ ਉਹ ਆਪਣੀ ਬਰਾਤ ਟਰੈਕਟਰਾਂ ਤੇ ਲੈ ਕੇ ਜਾ ਰਿਹਾ ਹੈ।

ਉਸ ਦੇ ਦੱਸਣ ਮੁਤਾਬਕ ਉਹ ਸਿਰਸੀਵਾਲਾ ਪਿੰਡ ਤੋਂ ਬੁਢਲਾਡਾ ਬਰਾਤ ਲੈ ਕੇ ਜਾ ਰਹੇ ਹਨ। ਵਿਆਹ ਵਾਲੇ ਲੜਕੇ ਦੇ ਇਕ ਰਿਸ਼ਤੇਦਾਰ ਮਾਲਵਿੰਦਰ ਸਿੰਘ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਹਨ। ਉਸ ਨੇ ਦੱਸਿਆ ਹੈ ਕਿ 3 ਖੇਤੀ ਕਾਨੂੰਨ ਰੱਦ ਹੋ ਜਾਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਇਸੇ ਲਈ ਉਹ ਟਰੈਕਟਰ ਤੇ ਬਰਾਤ ਲੈ ਕੇ ਜਾ ਰਹੇ ਹਨ। ਕਿਸੇ ਸਮੇਂ ਬਲਦ ਹੀ ਖੇਤੀ ਦਾ ਸਾਧਨ ਸਨ ਅਤੇ ਕਿਸਾਨ ਵਧੀਆ ਬਲਦ ਰੱਖਦੇ ਸਨ। ਅੱਜ ਕੱਲ੍ਹ ਬਲਦਾਂ ਦੀ ਜਗ੍ਹਾ ਟਰੈਕਟਰ ਨਾਲ ਖੇਤੀ ਕੀਤੀ ਜਾਣ ਲੱਗੀ ਹੈ।

ਜਿਸ ਨਾਲ ਪੈਦਾਵਾਰ ਵੱਧ ਹੋਣ ਲੱਗੀ ਹੈ ਅਤੇ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਲਗਭਗ ਇਕ ਸਾਲ ਤੋਂ ਕਿਸਾਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਦੇ ਰਹੇ ਹਨ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦਾ ਹੋਣਾ ਸੁਭਾਵਕ ਹੈ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *