ਗੁਰੂਘਰ ਚੋਂ ਮਿਲੀ ਸੀ ਬੱਚੀ ਦੀ ਲਾਸ਼, ਕਲਯੁੱਗੀ ਮਾਂ ਨੇ ਹੀ ਮਾਰੀ ਸੀ ਬੱਚੀ

ਗ਼ਲਤ ਰਸਤੇ ਤੇ ਚੱਲਣ ਨਾਲ ਹਮੇਸ਼ਾਂ ਬਰਬਾਦੀ ਹੀ ਪੱਲੇ ਪੈਂਦੀ ਹੈ। ਗੋਇੰਦਵਾਲ ਸਾਹਿਬ ਦੀ ਸੰਦੀਪ ਕੌਰ ਨਾਮ ਦੀ ਇੱਕ ਔਰਤ ਨੇ ਪ੍ਰੇਮ ਸੰਬੰਧਾਂ ਦੇ ਚੱਲਦੇ ਹੋਏ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ 6 ਸਾਲ ਦੀ ਧੀ ਦੀ ਜਾਨ ਲੈ ਲਈ। ਪੁਲਿਸ ਨੇ ਇਸ ਮਾਮਲੇ ਵਿੱਚ 4 ਜੀਅ ਕਾਬੂ ਕਰ ਲਏ ਹਨ। ਮਿਲੀ ਜਾਣਕਾਰੀ ਮੁਤਾਬਕ ਸੰਦੀਪ ਕੌਰ ਦੇ ਪਹਿਲਾਂ 2 ਵਿਆਹ ਹੋ ਚੁੱਕੇ ਹਨ। ਪਹਿਲਾਂ ਉਹ ਕੰਬੋਕੇ ਪਿੰਡ ਵਿਆਹੀ ਹੋਈ ਸੀ। ਹੁਣ ਉਸ ਦਾ ਗੋਇੰਦਵਾਲ ਸਾਹਿਬ ਦੇ ਲਵਜੀਤ ਸਿੰਘ ਉਰਫ ਸੋਨੂੰ ਨਾਲ ਪ੍ਰੇਮ ਚੱਕਰ ਚੱਲ ਗਿਆ।

ਇਹ ਦੋਵੇਂ ਹੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਸੋਨੂੰ ਸੰਦੀਪ ਕੌਰ ਦੀ ਬੱਚੀ ਨੂੰ ਨਹੀਂ ਸੀ ਰੱਖਣਾ ਚਾਹੁੰਦਾ। ਜਿਸ ਕਰਕੇ ਇਨ੍ਹਾਂ ਨੇ ਬੱਚੀ ਨੂੰ ਰਸਤੇ ਚੋਂ ਹਟਾਉਣ ਦੀ ਸਕੀਮ ਬਣਾ ਲਈ। ਪਿਛਲੇ ਦਿਨੀਂ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚੋਂ ਰੇਤ ਦੀ ਢੇਰੀ ਥੱਲੇ ਦੱਬੀ ਹੋਈ 6 ਸਾਲਾ ਬੱਚੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਬੱਚੀ ਗੁਰੂਘਰ ਲੰਗਰ ਛਕਣ ਆਈ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ

ਕਿ ਬੱਚੀ ਲੰਗਰ ਛਕਣ ਤੋਂ ਬਾਅਦ ਘਰ ਜਾ ਕੇ ਸੌਂ ਗਈ। ਲਵਜੀਤ ਸਿੰਘ ਇਸ ਪਰਿਵਾਰ ਦੇ ਘਰ ਪਹੁੰਚਿਆ। ਲਵਜੀਤ ਸਿੰਘ ਨੇ ਬੱਚੀ ਦੀਆਂ ਲੱਤਾਂ ਫੜ੍ਹੀਆਂ ਅਤੇ ਸੰਦੀਪ ਕੌਰ ਨੇ ਆਪਣੀ ਬੱਚੀ ਦਾ ਗਲਾ ਦਬਾ ਦਿੱਤਾ। ਬੱਚੀ ਦੀ ਜਾਨ ਜਾਣ ਤੋਂ ਬਾਅਦ ਸੰਦੀਪ ਕੌਰ ਨੇ ਆਪਣੀ ਭੈਣ ਸੁਮਨਪ੍ਰੀਤ ਕੌਰ ਨੂੰ ਬੁਲਾਇਆ। ਲਵਜੀਤ ਅਤੇ ਸੰਦੀਪ ਕਹਿਣ ਲੱਗੇ ਕਿ ਬੱਚੀ ਦੀ ਤਬੀਅਤ ਠੀਕ ਨਹੀਂ ਹੈ। ਇਸ ਲਈ ਬੱਚੀ ਨੂੰ ਦਵਾਈ ਦਿਵਾਉਣੀ ਹੈ। ਇਨ੍ਹਾਂ ਨੇ ਮ੍ਰਿਤਕ ਬੱਚੀ ਨੂੰ ਕੱਪੜੇ ਨਾਲ ਢੱਕ ਕੇ ਮੋਢੇ ਲਾ ਲਿਆ।

ਜਦੋਂ ਸੰਦੀਪ ਕੌਰ, ਲਵਜੀਤ ਸਿੰਘ ਅਤੇ ਸੁਮਨਪ੍ਰੀਤ ਕੌਰ ਘਰ ਤੋਂ ਬਾਹਰ ਨਿਕਲੇ ਤਾਂ ਗਲੀ ਵਿੱਚ ਬਲਵਿੰਦਰ ਸਿੰਘ ਕਾਕਾ ਨਾਮ ਦਾ ਲੜਕਾ ਖੜ੍ਹਾ ਸੀ। ਬਲਵਿੰਦਰ ਸਿੰਘ ਕਾਕਾ ਮੋਬਾਈਲ ਚਲਾ ਰਿਹਾ ਸੀ। ਘਰ ਵਿੱਚ ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਉਹ ਗਲੀ ਵਿਚ ਖਡ਼੍ਹਾ ਸੀ। ਇਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਹ ਬੱਚੀ ਨੂੰ ਦਵਾਈ ਦਿਵਾਉਣ ਜਾ ਰਹੇ ਹਨ। ਹਮਦਰਦੀ ਦੇ ਤੌਰ ਤੇ ਕਾਕਾ ਵੀ ਇਨ੍ਹਾਂ ਦੇ ਨਾਲ ਤੁਰ ਪਿਆ। ਇਹ ਚਾਰੇ ਹੀ ਮੜ੍ਹੀਆਂ ਵਾਲੇ ਰਸਤੇ ਤੁਰ ਪਏ। ਅੱਗੇ ਗੇਟ ਬੰਦ ਸੀ। ਸੰਦੀਪ ਅਤੇ ਲਵਜੀਤ ਨੇ ਬਲਵਿੰਦਰ ਅਤੇ ਸੁਮਨਪ੍ਰੀਤ ਨੂੰ ਉੱਥੇ ਹੀ ਖੜ੍ਹਾ ਦਿੱਤਾ ਅਤੇ ਆਪ ਤਾਕੀ ਰਾਹੀਂ ਅੰਦਰ ਲੰਘ ਗਏ।

ਜਦੋਂ ਇਹ ਕਾਫ਼ੀ ਦੇਰ ਵਾਪਸ ਨਹੀਂ ਆਏ ਤਾਂ ਬਲਵਿੰਦਰ ਕਾਕਾ ਅਤੇ ਸੁਮਨਪ੍ਰੀਤ ਵਾਪਸ ਘਰ ਨੂੰ ਆ ਗਏ। ਇਸ ਤਰ੍ਹਾਂ ਪੁਲਿਸ ਨੇ ਇਹ ਮਾਮਲਾ ਟ੍ਰੇਸ ਕਰ ਲਿਆ ਹੈ। ਜਿਹੜੀ ਸੰਦੀਪ ਕੌਰ ਕਹਿ ਰਹੀ ਸੀ ਕਿ ਉਸ ਦੀ ਬੱਚੀ ਗੁਰਦੁਆਰਾ ਸਾਹਿਬ ਚੋਂ ਲਾਪਤਾ ਹੋਈ ਹੈ। ਉਸ ਦੀ ਕਰਤੂਤ ਕਾਰਨ ਹੀ ਬੱਚੀ ਦੀ ਜਾਨ ਗਈ ਹੈ। ਪੁਲਿਸ ਨੇ ਸੁਮਨਪ੍ਰੀਤ ਅਤੇ ਬਲਵਿੰਦਰ ਕਾਕਾ ਤੇ ਵੀ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਚੁੱਪ ਵੱਟੀ ਰੱਖੀ। ਪੁਲਿਸ ਨੇ ਇਨ੍ਹਾਂ 4 ਨੂੰ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਜਾਰੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *