ਚੰਨੀ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਪ੍ਰੈਸ ਕਾਨਫਰੰਸ ਚ ਕੀਤਾ ਇਹ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੈਬਨਿਟ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਕੋਈ ਵੀ ਕਿਸਾਨ ਆਪਣੀ ਜ਼ਮੀਨ ਵਿੱਚੋਂ 3 ਫੁੱਟ ਤੱਕ ਮਿੱਟੀ ਚੁੱਕਵਾ ਸਕਦਾ ਹੈ। ਇਸ ਲਈ ਕਿਸੇ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਸਰਕਾਰ ਨੇ ਮਾਇਨਿੰਗ ਪਾਲਿਸੀ ਖਤਮ ਕਰ ਦਿੱਤੀ ਹੈ। ਭੱਠੇ ਵਾਲੇ ਇੱਟਾਂ ਬਣਾਉਣ ਲਈ ਕਿਸਾਨਾਂ ਤੋਂ ਮਿੱਟੀ ਖਰੀਦ ਸਕਦੇ ਹਨ। ਇਸ ਨੂੰ ਵੀ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਜਿਹੜੇ ਸਫਾਈ ਕਰਮਚਾਰੀ ਸੀਵਰਮੈਨ ਠੇਕਾ ਆਧਾਰਿਤ ਹਨ। ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਿਹੜੇ ਸਫ਼ਾਈ ਕਰਮਚਾਰੀ ਆਊਟਸੋਰਸ ਹਨ, ਉਨ੍ਹਾਂ ਨੂੰ ਕੰਟਰੈਕਟ ਤੇ ਕਰ ਦਿੱਤਾ ਜਾਵੇਗਾ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਅਰਧ ਸਰਕਾਰੀ ਵਿਭਾਗਾਂ ਅਤੇ ਕਾਰਪੋਰੇਸ਼ਨਾਂ ਵਿੱਚ ਵੀ ਨੌਕਰੀ ਤੇ ਲੱਗਣ ਵਾਸਤੇ ਦਸਵੀਂ ਜਮਾਤ ਤਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।

ਪਿੰਡਾਂ ਦੇ ਲੋਕਾਂ ਦੇ ਜਿਹੜੇ ਪਾਣੀ ਦੇ ਬਕਾਇਆ ਬਿੱਲ ਖੜ੍ਹੇ ਸਨ, ਉਹ ਮੁਆਫ਼ ਕਰ ਦਿੱਤੇ ਗਏ ਹਨ ਅਤੇ ਅੱਗੇ ਤੋਂ 50 ਰੁਪਏ ਪ੍ਰਤੀ ਮਹੀਨਾ ਬਿੱਲ ਆਵੇਗਾ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਨਰਮੇ ਦੀ ਫ਼ਸਲ ਦਾ ਮੁਆਵਜ਼ਾ 17 ਹਜ਼ਾਰ ਰੁਪਏ ਦਿੱਤਾ ਜਾਵੇਗਾ। ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੁਹਾਲੀ ਵਿੱਚ 400 ਏਕੜ ਜ਼ਮੀਨ ਵਿੱਚ 25 ਹਜ਼ਾਰ ਨਵੇਂ ਘਰ ਬਣਾ ਕੇ ਦਿੱਤੇ ਜਾਣਗੇ। ਲੋਕਾਂ ਤੋਂ ਜ਼ਮੀਨ ਦੀ ਕੀਮਤ ਨਹੀਂ ਲਈ ਜਾਵੇਗੀ, ਸਿਰਫ਼ ਉਸਾਰੀ ਦੀ ਕੀਮਤ ਹੀ ਲਈ ਜਾਵੇਗੀ।

ਉਹ ਵੀ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਸ਼ਤ ਦੇ ਰੂਪ ਵਿੱਚ ਬੈਂਕ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਹੈਲਥ ਇੰਸਟੀਚਿਊਟ ਦੇ 28 ਨਵੇਂ ਅਦਾਰੇ ਅਪਗ੍ਰੇਡ ਕੀਤੇ ਜਾ ਰਹੇ ਹਨ। ਜਿਸ ਲਈ 775 ਨਵੀਆਂ ਅਸਾਮੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਨੇ 229 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਲਿਆ ਹੈ। ਮਿਡਲ ਸਕੂਲਾਂ ਨੂੰ ਹਾਈ ਸਕੂਲ ਅਤੇ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਅੱਗੇ ਦੱਸਿਆ ਹੈ ਕਿ ਜਿਹੜੇ ਆਟੋ ਚਾਲਕ ਅਤੇ ਟੈਕਸੀ ਅਪਰੇਟਰਾਂ ਦਾ ਸਾਲ 2020 ਦੇ 7 ਮਹੀਨਿਆਂ ਦਾ ਟੈਕਸ ਬਕਾਇਆ ਖੜ੍ਹਾ ਹੈ, ਉਹ ਵੀ ਮੁਆਫ਼ ਕਰ ਦਿੱਤਾ ਗਿਆ ਹੈ।

ਇਨ੍ਹਾਂ ਟੈਕਸੀ ਅਪਰੇਟਰਾਂ ਅਤੇ ਆਟੋ ਚਾਲਕਾਂ ਦੀ ਗਿਣਤੀ ਲਗਪਗ 60 ਹਜ਼ਾਰ ਹੈ। ਧਾਰਮਿਕ ਸਥਾਨਾਂ ਦੀਆਂ ਗੱਡੀਆਂ ਦਾ ਵੀ ਕੋਰੋਨਾ ਕਾਲ ਦੌਰਾਨ ਦਾ ਟੈਕਸ ਮੁਆਫ ਕੀਤਾ ਗਿਆ ਹੈ। ਆਟੋ ਵਾਲਿਆਂ ਦਾ ਅੱਗੋਂ ਵੀ ਟੈਕਸ ਮੁਆਫ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਜੁਰਮਾਨੇ ਹੋਏ ਸਨ, ਉਹ ਜੁਰਮਾਨੇ ਵੀ ਲੋਕ ਅਦਾਲਤ ਰਾਹੀਂ 1 ਰੁਪਏ ਜੁਰਮਾਨੇ ਦਾ ਫੈਸਲਾ ਕਰਕੇ ਨਿਪਟਾ ਦਿੱਤੇ ਜਾਣਗੇ। ਮਿੰਨੀ ਬੱਸਾਂ ਤੇ ਜੋ ਸਾਲਾਨਾ ਟੈਕਸ 30 ਹਜ਼ਾਰ ਰੁਪਏ ਲੱਗਦਾ ਸੀ, ਉਹ ਹੁਣ 20 ਹਜ਼ਾਰ ਰੁਪਏ ਸਾਲਾਨਾ ਹੀ ਦੇਣਾ ਪਵੇਗਾ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਦੋਂ ਹੁਣ ਦੁਬਾਰਾ ਕੈਬਨਿਟ ਦੀ ਮੀਟਿੰਗ ਹੋਵੇਗੀ ਤਾਂ ਉਸ ਵਿਚ ਕੁਝ ਹੋਰ ਫ਼ੈਸਲੇ ਲਏ ਜਾਣਗੇ, ਜਿਨ੍ਹਾਂ ਵਿੱਚ ਯਿਸੂ ਮਸੀਹ ਦੇ ਨਾਮ ਤੇ ਚੇਅਰ ਸਥਾਪਤ ਕਰਨਾ ਹੈ। ਪਟਿਆਲਾ ਵਿੱਚ ਭਗਵਤ ਗੀਤਾ ਅਤੇ ਰਾਮਾਇਣ ਤੇ ਇਕ ਅਧਿਐਨ ਸੈਂਟਰ ਸਥਾਪਤ ਕਰਨ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ। ਭਗਤ ਰਵਿਦਾਸ ਜੀ ਦੇ ਨਾਮ ਉਤੇ ਬੱਲਾਂ ਵਿਖੇ ਅਧਿਐਨ ਸੈਂਟਰ ਬਣਾਇਆ ਜਾਵੇਗਾ। ਜਿਸ ਲਈ 100 ਏਕੜ ਜ਼ਮੀਨ ਖ਼ਰੀਦੀ ਜਾਵੇਗੀ। ਜਨਰਲ ਵਰਗ ਲਈ ਕਮਿਸ਼ਨ ਬਣਾਉਣ ਦਾ ਫ਼ੈਸਲਾ ਵੀ ਲਿਆ ਜਾਣਾ ਹੈ। ਇਸ ਤੋਂ ਬਿਨਾਂ ਮੁਸਲਿਮ ਭਾਈਚਾਰੇ ਲਈ ਵੀ ਐਲਾਨ ਕੀਤਾ ਜਾਵੇਗਾ।

Leave a Reply

Your email address will not be published.