ਸਾਈਕਲ ਤੇ 4 ਹਜ਼ਾਰ ਕਿੱਲੋ ਮੀਟਰ ਦਾ ਸਫਰ ਤੈਅ ਕਰੇਗੀ ਇਹ ਬੱਚੀ, ਪਿਓ ਧੀ ਪਹੁੰਚੇ ਪੰਜਾਬ

ਇਨੀ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ 10 ਸਾਲਾ ਲੜਕੀ ਅਤੇ ਉਸ ਦੇ ਪਿਤਾ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਨ੍ਹਾਂ ਦਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਦੋਨੋਂ ਪਿਓ ਤੇ ਧੀ ਕੱਟੜਾ ਤੋਂ ਕੰਨਿਆ ਕੁਮਾਰੀ ਤੱਕ 4000 ਕਿਲੋਮੀਟਰ ਦਾ ਸਫਰ ਸਾਈਕਲ ਤੇ ਪੂਰਾ ਕਰਨ ਲਈ ਘਰੋਂ ਨਿਕਲੇ ਹਨ। ਇਸ ਬੱਚੀ ਦੇ ਬੁਲੰਦ ਹੌਂਸਲਿਆਂ ਨੂੰ ਦੇਖ ਕੇ ਤੁਸੀਂ ਵੀ ਉਸ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟੋਗੇ। ਸਾਇਕਲ ਤੇ ਇਸ ਸਫ਼ਰ ਦੌਰਾਨ 10 ਸਾਲਾ ਸ਼ਾਹੀ ਪਟੇਲ ਅਤੇ ਉਸ ਦੇ ਪਿਤਾ ਅਸ਼ੀਸ਼ ਪਟੇਲ ਪੰਜਾਬ ਦੇ ਬਟਾਲਾ ਵਿਚੋਂ ਦੀ ਹੋ ਕੇ ਲੰਘੇ।

ਆਪਣੇ ਸਫ਼ਰ ਦੀ ਜਾਣਕਾਰੀ ਦਿੰਦੇ ਹੋਏ ਸ਼ਾਹੀ ਪਟੇਲ ਦਾ ਕਹਿਣਾ ਹੈ ਕਿ ਉਹ ਇਸ ਸਫ਼ਰ ਦੇ ਜ਼ਰੀਏ ਲੋਕਾਂ ਨੂੰ ਬੇਟੀ ਬਚਾਓ- ਬੇਟੀ ਪੜ੍ਹਾਓ ਅਤੇ ਰੁੱਖ ਲਗਾਓ- ਰੁੱਖ ਬਚਾਓ ਦਾ ਸੰਦੇਸ਼ ਦੇਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਸਫ਼ਰ ਨੂੰ 3 ਦਿਨ ਹੋ ਗਏ ਹਨ। ਉਹ ਹਰ ਰੋਜ਼ 100 ਕਿਲੋਮੀਟਰ ਸਾਇਕਲ ਚਲਾਉਂਦੇ ਹਨ, ਇਸ ਲਈ ਉਨ੍ਹਾਂ ਦਾ ਇਹ ਸਫ਼ਰ 2 ਮਹੀਨੇ ਵਿੱਚ ਪੂਰਾ ਹੋਵੇਗਾ।

ਬੱਚੀ ਦਾ ਕਹਿਣਾ ਹੈ ਕਿ ਉਸ ਨੂੰ ਸਫ਼ਰ ਦੌਰਾਨ ਕੋਈ ਮੁਸ਼ਕਿਲ ਨਹੀਂ ਆਈ। ਕਿਉਂਕਿ ਉਸ ਨੂੰ ਖੁਦ ਤੇ ਪੂਰਾ ਭਰੋਸਾ ਹੈ ਕਿ ਉਹ ਇਹ ਸਫ਼ਰ ਤੈਅ ਕਰ ਸਕਦੀ ਹੈ। ਲੜਕੀ ਦੇ ਪਿਤਾ ਅਸ਼ੀਸ਼ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨੂੰ ਇਹ ਸਫ਼ਰ ਤੈਅ ਕਰਨ ਲਈ ਕਿਹਾ। ਜਿਸ ਤੋਂ ਬਾਅਦ ਉਨ੍ਹਾਂ ਨੇ ਟਰਾਇਲ ਲਈ ਕਾਰਗਿਲ ਤੋਂ ਕਸ਼ਮੀਰ ਅਤੇ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਤੱਕ ਸਫ਼ਰ ਸਾਇਕਲ ਰਾਹੀਂ 2 ਦਿਨ ਵਿੱਚ ਤੈਅ ਕੀਤਾ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੀ ਲੜਕੀ ਇਹ ਸਫ਼ਰ ਤੈਅ ਕਰ ਲਵੇਗੀ। ਅਸ਼ੀਸ਼ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਫ਼ਰ ਦੌਰਾਨ ਲੋਕਾਂ ਵੱਲੋਂ ਖੂਬ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੋ ਕੇ ਵੀ ਆਪਣੇ ਘਰ ਵਰਗਾ ਹੀ ਮਾਹੌਲ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਪੰਜਾਬੀਆਂ ਬਾਰੇ ਇਹ ਸੁਣਿਆ ਹੀ ਸੀ, ਕਿ ਉਨ੍ਹਾਂ ਦੇ ਦਿਲ ਵੱਡੇ ਹੁੰਦੇ ਨੇ ਪਰ ਅੱਜ ਉਨ੍ਹਾਂ ਨੇ ਇਹ ਦੇਖ ਵੀ ਲਿਆ। ਉਨ੍ਹਾਂ ਵੱਲੋਂ ਪੰਜਾਬੀਆਂ ਦੀ ਤਾਰੀਫ਼ ਵਿੱਚ ਸਿੰਘ ਇਜ਼ ਕਿੰਗ ਕਥਨ ਦੀ ਵਰਤੋਂ ਕੀਤੀ ਗਈ।

Leave a Reply

Your email address will not be published.