ਚੰਡੀਗੜ੍ਹ ਚ ਆਮ ਆਦਮੀ ਪਾਰਟੀ ਨੇ ਗੱਡੇ ਝੰਡੇ, ਵੱਡੇ ਵੱਡੇ ਸਿਆਸਤਦਾਨਾਂ ਦੀ ਉੱਡੀ ਨੀਂਦ

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਭਾਵੇਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਪਰ ਆਮ ਆਦਮੀ ਪਾਰਟੀ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰੀ ਹੈ। ਆਮ ਆਦਮੀ ਪਾਰਟੀ ਨੇ 35 ਵਿੱਚੋਂ 14 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੂੰ 12 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਹੀ ਹਾਸਲ ਹੋਈ ਹੈ। ਮੇਅਰ ਬਣਾਉਣ ਲਈ ਕਿਸੇ ਵੀ ਪਾਰਟੀ ਕੋਲ 19 ਸੀਟਾਂ ਦਾ ਹੋਣਾ ਜ਼ਰੂਰੀ ਹੈ।

ਨਗਰ ਨਿਗਮ ਦੀਆਂ ਭਾਵੇਂ 35 ਸੀਟਾਂ ਹਨ ਪਰ ਇਕ ਵੋਟ ਮੇਅਰ ਦੀ ਵੀ ਗਿਣੀ ਜਾਂਦੀ ਹੈ। ਆਮ ਆਦਮੀ ਪਾਰਟੀ ਨੂੰ ਮੇਅਰ ਬਣਾਉਣ ਲਈ 5 ਹੋਰ ਸੀਟਾਂ ਦੀ ਜ਼ਰੂਰਤ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾਂਦਾ ਹੈ ਜਾਂ ਨਹੀਂ। ਇਨ੍ਹਾਂ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਹੌਸਲੇ ਹੋਰ ਵਧਾ ਦਿੱਤੇ ਹਨ ਅਤੇ ਦੂਸਰੀਆਂ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ।

ਰੀਅਲ ਅਸਟੇਟ ਵਪਾਰੀ ਅਤੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਅੰਦਾਜ਼ੇ ਇਹ ਵੀ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕੁਲਵੰਤ ਸਿੰਘ ਨੂੰ ਬਸੀ ਪਠਾਣਾਂ ਤੋਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਿੱਤੀ ਜਾਵੇ, ਕਿਉਂਕਿ ਕੁਲਵੰਤ ਸਿੰਘ ਪਹਿਲਾਂ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਵਿਚ ਹਿੱਸਾ ਲੈ ਚੁੱਕੇ ਹਨ। ਜਿੱਥੇ ਕੁਲਵੰਤ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਲਾਭ ਹੋਇਆ ਹੈ,

ਉੱਥੇ ਹੀ ਚੰਡੀਗੜ੍ਹ ਦੇ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਉਹ ਤਾਂ ਇਥੋਂ ਤਕ ਆਖਣ ਲੱਗੇ ਹਨ ਕਿ ‘ਚੰਡੀਗਡ਼੍ਹ ਤਾਂ ਇੱਕ ਝਾਕੀ ਹੈ, ਅਜੇ ਪੰਜਾਬ ਬਾਕੀ ਹੈ’। ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੀ ਕਾਰਗੁਜ਼ਾਰੀ ਦਿਖਾਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ? ਪਰ ਚੰਡੀਗਡ਼੍ਹ ਦੇ ਚੋਣ ਨਤੀਜਿਆਂ ਨੇ ਦੂਸਰੀਆਂ ਪਾਰਟੀਆਂ ਦੀ ਨੀਂਦ ਜ਼ਰੂਰ ਉਡਾ ਦਿੱਤੀ ਹੈ। ਇਨ੍ਹਾਂ ਚੋਣ ਨਤੀਜਿਆਂ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ।

Leave a Reply

Your email address will not be published. Required fields are marked *