ਸੋਨੂੰ ਸੂਦ ਦੀ ਭੈਣ ਇਸ ਪਾਰਟੀ ਚ ਹੋਵੇਗੀ ਸ਼ਾਮਿਲ? ਇਸ ਹਲਕੇ ਤੋਂ ਲਵੇਗੀ ਚੋਣਾਂ ਚ ਹਿੱਸਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਨੇ ਕਈ ਨੇਤਾਵਾਂ ਦੀ ਨੀਂਦ ਉਡਾ ਦਿੱਤੀ ਹੈ। ਵੈਸੇ ਤਾਂ ਹਰ ਪਾਰਟੀ ਵਿੱਚ ਆਪੋਧਾਪੀ ਪਈ ਹੋਈ ਹੈ ਪਰ ਕਾਂਗਰਸ ਪਾਰਟੀ ਦੇ ਨੇਤਾ ਤਾਂ ਰਾਜ ਕਰਦੇ ਵਕਤ ਵੀ ਇਕ ਦੂਸਰੇ ਨਾਲ ਉਲਝਦੇ ਰਹੇ ਹਨ। ਹੁਣ ਕਈ ਨੇਤਾਵਾਂ ਦੀ ਟਿਕਟ ਹਾਸਲ ਕਰਨ ਦੇ ਚੱਕਰ ਵਿੱਚ ਨੀਂਦ ਉਡੀ ਹੋਈ ਹੈ। ਗੱਲ ਕਰਦੇ ਹਾਂ ਮੋਗਾ ਵਿਧਾਨ ਸਭਾ ਹਲਕੇ ਦੀ। ਇੱਥੇ ਮੌਜੂਦਾ ਵਿਧਾਇਕ ਹਰਜੋਤ ਕਮਲ ਹਨ। ਉਨ੍ਹਾਂ ਨੂੰ ਇਸ ਵਾਰ ਲੱਗ ਰਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦੇਵੇਗੀ।

ਹਲਕੇ ਵਿੱਚ ਚਰਚੇ ਚੱਲ ਰਹੇ ਹਨ ਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਪ੍ਰਸਿੱਧ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਮਾਲਵਿਕਾ ਸੂਦ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਨ੍ਹਾਂ ਕਿਆਸਰਾਈਆਂ ਨੇ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਨੀਂਦ ਉਡਾ ਦਿੱਤੀ ਹੈ। ਜਿਸ ਕਰਕੇ ਉਨ੍ਹਾਂ ਨੇ ਪਾਰਟੀ ਤੇ ਪ੍ਰਭਾਵ ਪਾਉਣ ਲਈ ਆਪਣੀ ਰਿਹਾਇਸ਼ ਤੇ ਅਜੀਤਵਾਲ ਵਿਖੇ ਇਲਾਕੇ ਦੇ ਸਰਪੰਚਾਂ ਅਤੇ ਪਾਰਟੀ ਨਾਲ ਸਬੰਧਤ ਹੋਰ ਲੋਕਾਂ ਦਾ ਵੱਡਾ ਇਕੱਠ ਕੀਤਾ ਹੈ।

ਇਸ ਇਕੱਠ ਵਿਚ ਸ਼ਾਮਲ ਲੋਕਾਂ ਨੇ ਡਟ ਕੇ ਹਰਜੋਤ ਕਮਲ ਦੀ ਹਮਾਇਤ ਕੀਤੀ ਹੈ। ਇਨ੍ਹਾਂ ਨੇ ਮੰਗ ਕੀਤੀ ਹੈ ਕਿ ਮੋਗਾ ਤੋਂ ਹਰਜੋਤ ਕਮਲ ਨੂੰ ਹੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਦੂਜੇ ਪਾਸੇ ਮਾਲਵਿਕਾ ਸੂਦ ਦੁਆਰਾ ਇਲਾਕੇ ਵਿੱਚ ਆਪਣੀ ਚੰਗੀ ਪਛਾਣ ਬਣਾ ਲਈ ਗਈ ਹੈ। ਕੋਰੋਨਾ ਕਾਲ ਦੌਰਾਨ ਇਸ ਪਰਿਵਾਰ ਨੇ ਇਲਾਕੇ ਦੇ ਲੋਕਾਂ ਦੀ ਚੰਗੀ ਸੇਵਾ ਕੀਤੀ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਮਾਲਵਿਕਾ ਸੂਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਆਮ ਆਦਮੀ ਪਾਰਟੀ ਦੁਆਰਾ ਮੋਗਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤੇ ਜਾਣ ਤੋਂ ਬਾਅਦ

ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਮਾਲਵਿਕਾ ਸੂਦ ਕਾਂਗਰਸ ਵਿੱਚ ਸ਼ਾਮਲ ਹੋਣਗੇ ਅਤੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਮੋਗਾ ਤੋਂ ਆਪਣਾ ਉਮੀਦਵਾਰ ਬਣਾਏਗੀ। ਇੱਥੇ ਦੱਸਣਾ ਬਣਦਾ ਹੈ ਕਿ ਸੋਨੂੰ ਸੂਦ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਜੋ ਕੁਝ ਇਲਾਕਾ ਵਾਸੀਆਂ ਅਤੇ ਪਰਵਾਸੀਆਂ ਲਈ ਕੀਤਾ, ਉਸ ਨੂੰ ਲੋਕ ਨਹੀਂ ਭੁਲਾਉਣਗੇ। ਹੁਣ ਸਭ ਦੀਆਂ ਨਜ਼ਰਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਗਾ ਫੇਰੀ ਤੇ ਲੱਗੀਆਂ ਹੋਈਆਂ ਹਨ।

Leave a Reply

Your email address will not be published. Required fields are marked *