ਚਾਈਨਾ ਡੋਰ ਨੇ ਲਈ 8 ਸਾਲਾਂ ਬੱਚੇ ਦੀ ਜਾਨ, ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

ਕਿੰਨੇ ਹੀ ਸਾਲਾਂ ਤੋਂ ਚਾਈਨਾ ਡੋਰ ਦਾ ਰੌਲਾ ਪੈ ਰਿਹਾ ਹੈ। ਹਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਇੱਕ ਹੀ ਬਿਆਨ ਹੁੰਦਾ ਹੈ ਕਿ ਚਾਈਨਾ ਡੋਰ ਸਾਡੇ ਮੁਲਕ ਵਿੱਚ ਨਹੀਂ ਵਿਕ ਸਕਦੀ। ਜੇਕਰ ਕੋਈ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਵਜੂਦ ਵੀ ਚਾਈਨਾ ਡੋਰ ਧ ਡ਼ੱ ਲੇ ਨਾਲ ਵਿਕ ਰਹੀ ਹੈ। ਹੁਣ ਤਕ ਚਾਇਨਾ ਡੋਰ ਕਾਰਨ ਕਿੰਨੀਆਂ ਹੀ ਇਨਸਾਨੀ ਜਾਨਾਂ ਜਾ ਚੁੱਕੀਆਂ ਹਨ। ਕਿੰਨੇ ਹੀ ਪੰਛੀ ਚਾਇਨਾ ਡੋਰ ਵਿੱਚ ਫਸ ਕੇ ਲਟਕ ਕੇ ਭੁੱਖੇ ਭਾਣੇ ਆਪਣੀ ਜਾਨ ਗੁਆ ਚੁੱਕੇ ਹਨ।

ਇਹ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਖੁਰਾਕ ਦੀ ਭਾਲ ਵਿੱਚ ਨਿਕਲਦੇ ਹਨ ਅਤੇ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਬੈਠਦੇ ਹਨ। ਜੇਕਰ ਇਨਸਾਨਾਂ ਦੀ ਗੱਲ ਕੀਤੀ ਜਾਵੇ ਤਾਂ 2 ਪਹੀਆ ਵਾਹਨਾਂ ਤੇ ਜਾਣ ਵਾਲੇ ਹੁਣ ਤਕ ਕਿੰਨੇ ਹੀ ਇਨਸਾਨ ਇਸ ਚਾਈਨਾ ਡੋਰ ਦੀ ਭੇਟ ਚੜ੍ਹ ਚੁੱਕੇ ਹਨ। ਸ਼ਾਇਦ ਇਨ੍ਹਾਂ ਦੀ ਗਿਣਤੀ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਕਿਉਂਕਿ ਸਾਰੇ ਮਾਮਲੇ ਪੁਲਿਸ ਦੇ ਰਿਕਾਰਡ ਜਾਂ ਮੀਡੀਆ ਵਿਚ ਨਹੀਂ ਆਉਂਦੇ।

ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਭਾਣਾ ਮੰਨ ਕੇ ਬਹਿ ਜਾਂਦੇ ਹਨ ਜਦਕਿ ਦੂਜੇ ਪਾਸੇ ਚਾਈਨਾ ਡੋਰ ਵੇਚਣ ਵਾਲੇ ਕਮਾਈ ਕਰ ਰਹੇ ਹਨ। ਲੁਧਿਆਣਾ ਵਿੱਚ 8 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਾਨ ਚਲੀ ਗਈ ਹੈ। ਇਹ ਬੱਚਾ ਦਕਸ਼ ਆਪਣੇ ਮਾਤਾ ਪਿਤਾ ਨਾਲ ਸਕੂਟਰ ਤੇ ਜਾ ਰਿਹਾ ਸੀ। ਮਾਂ ਨੇ ਬੱਚੇ ਦੀਆਂ ਚੀਕਾਂ ਸੁਣੀਆਂ ਜੋ ਕੁਝ ਹੀ ਸਮੇਂ ਵਿੱਚ ਬੰਦ ਹੋ ਗਈਆਂ। ਜਿਸ ਦਾ ਭਾਵ ਸੀ ਕਿ ਚਾਈਨਾ ਡੋਰ ਬੱਚੇ ਦੀ ਗਰਦਨ ਤੇ ਫਿਰ ਗਈ ਸੀ ਅਤੇ ਉਹ ਇਸ ਦੁਨੀਆਂ ਨੂੰ ਛੱਡ ਚੁੱਕਾ ਸੀ।

ਮਾਂ ਸੋਚਦੀ ਰਹੀ ਕਿ ਹੋ ਸਕਦਾ ਹੈ ਬਿਜਲੀ ਦਾ ਕਰੰਟ ਲੱਗਾ ਹੋਵੇ। ਬੱਚੇ ਨੂੰ ਗੁਆਉਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਦੂਜੇ ਪਾਸੇ ਸੋਚਣ ਵਾਲੀ ਗੱਲ ਇਹ ਹੈ ਕਿ ਚਾਈਨਾ ਡੋਰ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਡੋਰ ਧਡ਼ੱਲੇ ਨਾਲ ਵਿਕੀ ਜਾ ਰਹੀ ਹੈ। ਹਾਦਸੇ ਵਾਪਰੀ ਜਾ ਰਹੇ ਹਨ। ਕੁਝ ਦਿਨ ਰੌਲਾ ਪੈਂਦਾ ਹੈ ਅਤੇ ਫਿਰ ਮਾਮਲਾ ਸ਼ਾਂਤ ਹੋ ਜਾਂਦਾ ਹੈ। ਅੱਜ ਜ਼ਰੂਰਤ ਹੈ ਚਾਈਨਾ ਡੋਰ ਵੇਚਣ ਵਾਲਿਆਂ ਤੇ ਮਿਸਾਲੀ ਕਾਰਵਾਈ ਕਰਨ ਦੀ ਤਾਂ ਕਿ ਅੱਗੇ ਤੋਂ ਇਹ ਹਾਦਸੇ ਬੰਦ ਹੋ ਸਕਣ।

Leave a Reply

Your email address will not be published.