ਕਿਹੜੇ ਪੁੱਠੇ ਚੱਕਰਾਂ ਚ ਪੈ ਗਿਆ ਬਾਬਾ, ਲੋਕਾਂ ਨੇ ਮੌਕੇ ਤੇ ਕੀਤਾ ਕਾਬੂ ਤੇ ਮੰਗਵਾਈਆਂ ਮੁਆਫੀਆਂ

ਤਰਨਤਾਰਨ ਦੇ ਖਡੂਰ ਸਾਹਿਬ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਸੁਣ ਕੇ ਇਸ ਧਰਮ ਵਿਚ ਸ਼ਰਧਾ ਰੱਖਣ ਵਾਲਿਆਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇੱਥੇ ਕੰਵਲਜੀਤ ਸਿੰਘ ਨਾਮ ਦੇ ਨਿਹੰਗ ਸਿੰਘ ਕੋਲੋਂ ਅਮਲ ਪਦਾਰਥ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਕੰਵਲਜੀਤ ਸਿੰਘ ਕੋਲੋਂ ਜੋ ਸਾਮਾਨ ਮਿਲਿਆ ਹੈ, ਉਸ ਨੂੰ ਸਿੱਖ ਧਰਮ ਵਿੱਚ ਵਰਤਣ ਦੀ ਮਨਾਹੀ ਹੈ। ਕੰਵਲਜੀਤ ਸਿੰਘ ਅੰਮ੍ਰਿਤਧਾਰੀ ਹੈ ਅਤੇ ਉਸ ਨੇ ਗੁਰੂ ਦਾ ਬਾਣਾ ਪਹਿਨਿਆ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਕੰਵਲਜੀਤ ਸਿੰਘ ਢਿੱਲਵਾਂ ਦਾ ਰਹਿਣ ਵਾਲਾ ਹੈ ਅਤੇ ਖਡੂਰ ਸਾਹਿਬ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਹ ਮਕਾਨ ਭਰੋਵਾਲ ਦੇ ਕੁਲਦੀਪ ਸਿੰਘ ਦਾ ਦੱਸਿਆ ਜਾ ਰਿਹਾ ਹੈ। ਨਿਹੰਗ ਕੰਵਲਜੀਤ ਸਿੰਘ 7-8 ਮਹੀਨੇ ਤੋਂ ਮਕਾਨ ਦਾ ਕਿਰਾਇਆ ਨਹੀਂ ਸੀ ਦੇ ਰਿਹਾ ਅਤੇ ਨਾ ਹੀ ਮਕਾਨ ਖਾਲੀ ਕਰਦਾ ਸੀ। ਜਿਸ ਕਰਕੇ ਮਕਾਨ ਮਾਲਕ ਕੁਲਦੀਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਹਰਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ।

ਜਦੋਂ ਇਹ ਦੋਵੇਂ ਆਗੂ ਨਿਹੰਗ ਕੰਵਲਜੀਤ ਸਿੰਘ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਨੂੰ ਮਕਾਨ ਦੇ ਅੰਦਰ ਪਏ ਡੱਬਿਆਂ ਵਿੱਚ ਅਮਲ ਪਦਾਰਥ ਮਿਲਿਆ। ਕੋਲ ਹੀ ਇੱਕ ਡੱਬੇ ਵਿੱਚ ਗੁਟਕਾ ਸਾਹਿਬ ਰੱਖਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਹੰਗ ਸਿੰਘ ਜਿੱਥੇ ਇਹ ਅਮਲ ਪਦਾਰਥ ਨੇਡ਼ੇ ਦੇ ਪਿੰਡਾਂ ਵਿੱਚ ਸਪਲਾਈ ਕਰਦਾ ਸੀ ਉੱਥੇ ਹੀ ਆਪ ਵੀ ਇਸ ਦੀ ਵਰਤੋਂ ਕਰਦਾ ਸੀ। ਇਹ ਗੱਲ ਨਿਹੰਗ ਸਿੰਘ ਦੁਆਰਾ ਖੁਦ ਕਬੂਲੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਸੁਣਨ ਵਿੱਚ ਆਇਆ ਹੈ ਕਿ ਨਿਹੰਗ ਕੰਵਲਜੀਤ ਸਿੰਘ ਕੋਲੋਂ ਇਕ ਡਾਇਰੀ ਮਿਲੀ ਹੈ। ਇਸ ਡਾਇਰੀ ਵਿਚ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਨੰਬਰ ਲਿਖੇ ਹੋਏ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਹੰਗ ਕੰਵਲਜੀਤ ਸਿੰਘ ਦੁਆਰਾ ਬਾਹਰਲੇ ਸੂਬਿਆਂ ਤੋਂ ਅਮਲ ਪਦਾਰਥ ਮੰਗਵਾਇਆ ਜਾਂਦਾ ਸੀ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਅਸਲ ਸਚਾਈ ਸਾਹਮਣੇ ਆ ਸਕੇਗੀ।

Leave a Reply

Your email address will not be published.