ਵਿਧਾਇਕ ਨੇ ਅਚਾਨਕ ਮੋੜ ਲਈ ਹਸਪਤਾਲ ਵੱਲ ਗੱਡੀ, ਗਾਇਬ ਹੋਏ ਸਟਾਫ ਦੀ ਲੱਗੀ ਕਲਾਸ

ਸਰਕਾਰੀ ਅਧਿਕਾਰੀਆਂ ਬਾਰੇ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਉਹ ਸਮੇਂ ਸਿਰ ਡਿਊਟੀ ਤੇ ਨਹੀਂ ਪਹੁੰਚਦੇ। ਸਰਕਾਰੀ ਦਫ਼ਤਰਾਂ ਜਾਂ ਹਸਪਤਾਲਾਂ ਵਿਚ ਜਨਤਾ ਧੱਕੇ ਖਾਂਦੀ ਰਹਿੰਦੀ ਹੈ। ਇਹ ਅਧਿਕਾਰੀ ਕਿਸੇ ਵਿਅਕਤੀ ਨੂੰ 10 ਮਿੰਟ ਲੇਟ ਹੋ ਜਾਣ ਤੇ ਵੀ ਅਗਲੇ ਦਿਨ ਆਉਣ ਲਈ ਕਹਿੰਦੇ ਹਨ ਪਰ ਖੁਦ ਸਮੇਂ ਸਿਰ ਨਹੀਂ ਪਹੁੰਚਦੇ। ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਵਾਸੀਆਂ ਨੇ ਸਰਕਾਰੀ ਹਸਪਤਾਲ ਸਬੰਧੀ ਕਈ ਕਿਸਮ ਦੀਆਂ ਕਮੀਆਂ ਦੱਸੀਆਂ।

ਜਿਸ ਕਰਕੇ ਉਹ ਸਵੇਰੇ ਹੀ 8-30 ਵਜੇ ਸਰਕਾਰੀ ਹਸਪਤਾਲ ਸੰਗਰੂਰ ਪਹੁੰਚ ਗਏ। ਬੱਸ ਫੇਰ ਕੀ ਸੀ? ਸਟਾਫ ਨੂੰ ਭਾਜੜਾਂ ਪੈ ਗਈਆਂ। ਕਈ ਡਾਕਟਰ ਡਿਊਟੀ ਤੇ ਹਾਜ਼ਰ ਨਹੀਂ ਸਨ। ਇੱਥੋਂ ਤੱਕ ਕਿ ਐੱਸ ਐੱਮ ਓ ਵੀ ਆਪਣੀ ਸੀਟ ਤੇ ਦਿਖਾਈ ਨਹੀਂ ਦਿੱਤੇ। ਵਿਧਾਇਕਾ ਨੇ ਹਸਪਤਾਲ ਦਾ ਹਾਜ਼ਰੀ ਰਜਿਸਟਰ ਚੈੱਕ ਕੀਤਾ। ਹਸਪਤਾਲ ਵਿੱਚ ਸਫ਼ਾਈ ਦੀ ਘਾਟ ਕਾਫੀ ਰੜਕ ਰਹੀ ਸੀ। ਵਿਧਾਇਕਾ ਵੱਲੋਂ ਸਟਾਫ ਨੂੰ ਤਾੜਨਾ ਕੀਤੀ ਗਈ ਕਿ ਸਮੇਂ ਸਿਰ ਹਸਪਤਾਲ ਪਹੁੰਚਿਆ ਜਾਵੇ ਤਾਂ ਕਿ ਦਵਾਈ ਲੈਣ ਆਈ ਜਨਤਾ ਨੂੰ ਉਡੀਕਣਾ ਨਾ ਪਵੇ।

ਉਨ੍ਹਾਂ ਦੇ ਧਿਆਨ ਵਿਚ ਸਟਾਫ ਦੀ ਕਮੀ ਦਾ ਮੁੱਦਾ ਵੀ ਲਿਆਂਦਾ ਗਿਆ। ਐੱਮ ਐੱਲ ਏ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਨਵੀਂ ਭਰਤੀ ਕੀਤੀ ਜਾਵੇਗੀ। ਜਿਸ ਨਾਲ ਸਟਾਫ ਦੀ ਘਾਟ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਦਵਾਈ ਲੈਣ ਆਏ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਵੱਖ ਵੱਖ ਵਿਅਕਤੀਆਂ ਨੇ ਵਿਧਾਇਕਾ ਨੂੰ ਵੱਖ ਵੱਖ ਮਸਲਿਆਂ ਬਾਰੇ ਜਾਣੂ ਕਰਵਾਇਆ। ਹਸਪਤਾਲ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਹੀ ਕਿਸੇ ਨੇ ਇਹ ਮਸਲਾ ਵਿਧਾਇਕਾ ਤੱਕ ਪਹੁੰਚਾਇਆ ਸੀ।

ਜਨਤਾ ਨੇ ਉਮੀਦ ਜਤਾਈ ਕਿ ਨਰਿੰਦਰ ਕੌਰ ਭਰਾਜ ਅੱਗੋਂ ਵੀ ਇਸ ਤਰ੍ਹਾਂ ਹੀ ਉਨ੍ਹਾਂ ਦੇ ਮਸਲਿਆਂ ਪ੍ਰਤੀ ਧਿਆਨ ਦਿੰਦੇ ਰਹਿਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਹ ਸਿਰਫ ਸੰਗਰੂਰ ਦਾ ਹੀ ਮਸਲਾ ਨਹੀਂ ਹੈ। ਸੂਬੇ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਅਜਿਹਾ ਹੋ ਰਿਹਾ ਹੈ। ਇਸ ਸਬੰਧੀ ਸਿਹਤ ਮੰਤਰੀ ਵੀ ਵਿਸ਼ੇਸ਼ ਧਿਆਨ ਦੇ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਆਪਣੇ ਵਾਅਦੇ ਮੁਤਾਬਕ ਸਰਕਾਰ ਪੰਜਾਬ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਦੇਵੇਗੀ।

Leave a Reply

Your email address will not be published. Required fields are marked *