ਦੁਨੀਆਂ ਤੇ ਕੋਈ ਵੀ ਰਿਵਾਜ ਕੁਝ ਸਮੇਂ ਬਾਅਦ ਹੀ ਬਦਲ ਜਾਂਦਾ ਹੈ। ਲੋਕਾਂ ਵਿੱਚ ਦਿਖਾਵੇ ਦੀ ਹੋੜ ਲੱਗੀ ਹੋਈ ਹੈ। ਹਰ ਕੋਈ ਇਸ ਦਿਖਾਵੇ ਦੀ ਦੁਨੀਆਂ ਵਿੱਚ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਲੋਕ ਉਸ ਨੂੰ ਹੀ ਦੇਖਣ। ਇਸ ਲਈ ਕਈ ਵਿਅਕਤੀ ਮਹਿੰਗੀਆਂ ਗੱਡੀਆਂ ਖ਼ਰੀਦਦੇ ਹਨ। ਮਹਿੰਗੀਆਂ ਕੋਠੀਆਂ ਬਣਾਉਂਦੇ ਹਨ। ਭਾਵੇਂ ਉਨ੍ਹਾਂ ਨੂੰ ਇਸ ਲਈ ਕਰਜ਼ਾ ਹੀ ਕਿਉਂ ਨਾ ਲੈਣਾ ਪਵੇ। ਦੂਜੇ ਪਾਸੇ ਕਈ ਵਿਅਕਤੀ ਸਾਦਗੀ ਪਸੰਦ ਕਰਦੇ ਹਨ।
ਜਿਸ ਦੀ ਮਿਸਾਲ ਮੋਗਾ ਦੇ ਪਿੰਡ ਰੋਲੀ ਵਿੱਚ ਦੇਖਣ ਨੂੰ ਮਿਲੀ। ਇੱਥੋਂ ਦਾ ਇੱਕ ਨੌਜਵਾਨ ਅਮਰਿੰਦਰ ਸਿੰਘ ਕੈਨੇਡਾ ਤੋਂ ਆਇਆ ਹੈ। ਉਸ ਦੇ ਪਿਤਾ ਦੀ ਪੁਰਾਣੇ ਮਾਡਲ ਦੀ ਮਾਰੂਤੀ ਕਾਰ ਘਰ ਵਿੱਚ ਖੜ੍ਹੀ ਸੀ। ਮਾਲੀ ਹਾਲਤ ਚੰਗੀ ਹੁੰਦੇ ਹੋਏ ਵੀ ਅਮਰਿੰਦਰ ਸਿੰਘ ਨੇ ਆਪਣੇ ਵਿਆਹ ਲਈ ਇਸ ਕਾਰ ਨੂੰ ਹੀ ਚੁਣਿਆ। ਉਸ ਨੇ ਕਾਰ ਨੂੰ ਚੰਗੀ ਤਰ੍ਹਾਂ ਸਜਾਇਆ ਅਤੇ ਸਿਹਰਾ ਬੰਨ ਕੇ ਇਸ ਮਾਰੂਤੀ ਕਾਰ ਤੇ ਹੀ ਲਾੜੀ ਨੂੰ ਵਿਆਹੁਣ ਲਈ ਗਿਆ। ਹਰ ਕੋਈ ਇਸ ਕਾਰ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ
ਅਤੇ ਅਮਰਿੰਦਰ ਸਿੰਘ ਦੀ ਸਾਦਗੀ ਦੀ ਸਿਫ਼ਤ ਕਰ ਰਿਹਾ ਸੀ। ਇਸ ਨੌਜਵਾਨ ਦੀ ਦਲੀਲ ਹੈ ਕਿ ਸਾਨੂੰ ਦਿਖਾਵੇ ਲਈ ਫਾਲਤੂ ਖਰਚਾ ਨਹੀਂ ਕਰਨਾ ਚਾਹੀਦਾ। ਉਸ ਦੀਆਂ ਨਜ਼ਰਾਂ ਵਿੱਚ ਇਹ ਪੈਸੇ ਦੀ ਬਰਬਾਦੀ ਹੈ। ਇਸ ਤੋਂ ਬਿਨਾਂ ਇਸ ਕਾਰ ਦੇ ਜ਼ਰੀਏ ਉਸ ਦੇ ਦਿਲ ਵਿੱਚ ਆਪਣੇ ਮਰਹੂਮ ਪਿਤਾ ਦੀ ਯਾਦ ਤਾਜ਼ਾ ਰਹਿੰਦੀ ਹੈ। ਅਮਰਿੰਦਰ ਸਿੰਘ ਦੀ ਲਾੜੀ ਪਰਵਿੰਦਰ ਕੌਰ ਵੀ ਉਸ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੈ।