ਜਿੱਥੇ 26 ਜਨਵਰੀ ਨੂੰ ਸਾਰੇ ਭਾਰਤ ਵਾਸੀ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ‘ਗਦਰ-2’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਹਾਲਾਂਕਿ ਫਿਲਮ ‘ਗਦਰ -2’ ਰਿਲੀਜ਼ ਤਾਂ 11 ਅਗਸਤ 2023 ਨੂੰ ਹੋਵੇਗੀ ਪਰ ਸੰਨੀ ਦਿਓਲ ਦੇ ਪ੍ਰਸ਼ੰਸਕ ਇਸ ਫਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਫਿਲਮ ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾ ਵਿੱਚ ਹਨ।
ਇੱਥੇ ਦੱਸਣਾ ਬਣਦਾ ਹੈ ਕਿ 2001 ਵਿੱਚ ਸੰਨੀ ਦਿਓਲ ਦੀ ਫਿਲਮ ‘ਗਦਰ’ ਰਿਲੀਜ਼ ਹੋਈ ਸੀ। ਸੁਪਰ ਹਿੱਟ ਇਸ ਫਿਲਮ ਨੇ ਜੋ ਧੁੰਮਾਂ ਪਾਈਆਂ ਸਨ, ਉਸ ਬਾਰੇ ਸਭ ਜਾਣਦੇ ਹੀ ਹਨ। ਸੰਨੀ ਦਿਓਲ ਦਾ ਪਾਕਿਸਤਾਨ ਵਿੱਚ ਜਾ ਕੇ ਨਲਕਾ ਪੁੱਟਣ ਵਾਲਾ ਰੋਲ ਕਿਸ ਨੂੰ ਭੁੱਲਿਆ ਹੈ। ਇਸ ਫਿਲਮ ਦੇ ਗਾਣੇ ‘ਮੈਂ ਨਿਕਲਾ ਗੱਡੀ ਲੇ ਕੇ’ ਨੂੰ ਉਨ੍ਹਾ ਦੇ ਪ੍ਰਸ਼ੰਸਕ ਅੱਜ ਵੀ ਗੁਣਗੁਣਾਉੰਦੇ ਦੇਖੇ ਜਾ ਸਕਦੇ ਹਨ। ਗਦਰ ਇੱਕ ਪ੍ਰੇਮ ਗਾਥਾ ਲੋਕਾਂ ਦੇ ਦਿਲ ਵਿੱਚ ਵਸ ਗਈ ਹੈ।
ਇਹ ਫਿਲਮ ਭਾਰਤ-ਪਾਕਿਸਤਾਨ ਦੀ ਵੰਡ ਉੱਤੇ ਅਧਾਰਿਤ ਸੀ। ਇਸ ਫਿਲਮ ਵਿੱਚ ਸੰਨੀ ਦਿਓਲ ਦੁਆਰਾ ਇੱਕ ਟਰੱਕ ਡਰਾਈਵਰ ਤਾਰਾ ਦਾ ਰੋਲ ਅਦਾ ਕੀਤਾ ਗਿਆ ਸੀ, ਜੋ ਆਪਣੇ ਪਰਿਵਾਰ ਅਤੇ ਵਤਨ ਦੇ ਪ੍ਰੇਮ ਖਾਤਰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ। ਇਸ ਫਿਲਮ ਵਿੱਚ ਇੱਕ ਹੋਰ ਦਮਦਾਰ ਰੋਲ ਨਿਭਾਉਣ ਵਾਲੇ ਸ਼ਖਸ਼ ਅਮਰੀਸ਼ ਪੁਰੀ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ।
ਗਦਰ-2 ਦੇ ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੰਨੀ ਦਿਓਲ ਦਾ ਰੋਅਬ ਦੇਖਣ ਵਾਲਾ ਹੈ। ਉਨ੍ਹਾਂ ਨੇ ਕਾਲਾ ਕੁੜਤਾ ਪਜਾਮਾ ਪਹਿਨਿਆਂ ਹੋਇਆ ਹੈ। ਸਿਰ ਉੱਤੇ ਦਸਤਾਰ ਹੈ ਜਦਕਿ ਰੈਸਲਰ ਵਾਂਗ ਹੱਥ ਵਿੱਚ ਹਥੌੜਾ ਫੜਿਆ ਹੋਇਆ ਨਜ਼ਰ ਆਉਂਦਾ ਹੈ। ਪੋਸਟਰ ਤੇ ਹਿੰਦੁਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ।
ਸੰਨੀ ਦਿਓਲ ਦੀਆਂ ਫਿਲਮਾਂ ਗਦਰ, ਬਾਰਡਰ ਅਤੇ ਬੇਤਾਬ ਆਦਿ ਹੁਣ ਤੱਕ ਦਰਸ਼ਕਾਂ ਨੂੰ ਨਹੀਂ ਭੁੱਲੀਆਂ। ਉਨ੍ਹਾ ਦੇ ਪ੍ਰਸ਼ੰਸਕ ਗਦਰ-2 ਨੂੰ ਵੀ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਨ। ਸੰਨੀ ਦਿਓਲ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਸਰਗਰਮ ਨਜ਼ਰ ਨਹੀਂ ਆ ਰਹੇ। ਹੋ ਸਕਦਾ ਹੈ, ਉਨ੍ਹਾਂ ਦੇ ਰਾਜਨੀਤਕ ਰੁਝੇਵੇੰ ਵਧ ਗਏ ਹੋਣ। ਦੇਖਦੇ ਹਾਂ ਗਦਰ-2 ਕੀ ਅਸਰ ਦਿਖਾਉਂਦੀ ਹੈ?