ਕਈ ਵਿਅਕਤੀ ਤਾਂ ਜਾਪਦਾ ਹੈ ਕਿ ਕਾਨੂੰਨ ਅਤੇ ਪੁਲਿਸ ਨੂੰ ਟਿੱਚ ਜਾਣਦੇ ਹਨ। ਕਿਸੇ ਖੁੰਦਕ ਦੇ ਚਲਦੇ ਉਹ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਮਾਮਲਾ ਬਟਾਲਾ ਦੇ ਚੌਧਰੀਵਾਲ ਪਿੰਡ ਦਾ ਹੈ। ਜਿੱਥੇ 21 ਸਾਲ ਦੇ ਇੱਕ ਨੌਜਵਾਨ ਤੇ ਗਲੀ ਚਲਾ ਦਿੱਤੀ ਗਈ। ਨੌਜਵਾਨ ਦਾ ਨਾਂ ਸ਼ਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਠੀਕ ਹੈ। ਸ਼ਰਨਜੀਤ ਸਿੰਘ ਪਿੰਡ ਰੰਗੜ ਨੰਗਲ ਦਾ ਰਹਿਣ ਵਾਲਾ ਹੈ।
ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਰਨਜੀਤ ਸਿੰਘ ਆਪਣੀ ਮਾਂ ਅਤੇ ਭੈਣ ਨੂੰ ਦਵਾਈ ਦਿਵਾਉਣ ਲਈ ਚੌਧਰੀਵਾਲ ਵਿਖੇ ਕਾਹਲੋਂ ਮੈਡੀਕਲ ਸਟੋਰ ਤੇ ਲੈ ਕੇ ਗਿਆ ਸੀ। ਇਹ ਬਾਈਕ ਤੇ ਸਵਾਰ ਹੋ ਕੇ ਗਏ ਸਨ। ਜਦੋਂ ਸ਼ਰਨਜੀਤ ਦੀ ਮਾਂ ਅਤੇ ਭੈਣ ਦਵਾਈ ਲੈਣ ਲਈ ਦੁਕਾਨ ਦੇ ਅੰਦਰ ਚਲੀਆਂ ਗਈਆਂ ਅਤੇ ਲੜਕਾ ਦੁਕਾਨ ਦੇ ਬਾਹਰ ਬਾਈਕ ਕੋਲ ਖੜ੍ਹਾ ਸੀ ਤਾਂ 3 ਨੌਜਵਾਨ ਆਏ।
ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਸ਼ਰਨਜੀਤ ਤੇ ਗਲੀ ਚਲਾ ਦਿੱਤੀ। ਉਸ ਨੇ 2 ਵਾਰ ਕੀਤੇ। ਦੋਵੇਂ ਉਸ ਦੇ ਪੱਟ ਵਿੱਚ ਲੱਗੇ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੇ ਚੈੱਕ ਕਰਨ ਤੇ ਪਤਾ ਲੱਗਾ ਕਿ ਦੋਵੇਂ ਗਲੀਆਂ ਇੱਕ ਪਾਸੇ ਤੋਂ ਲੱਗ ਕੇ ਦੂਜੇ ਪਾਸੇ ਤੋਂ ਨਿਕਲ ਗਈਆਂ ਹਨ। ਹੁਣ ਉਸ ਦੀ ਹਾਲਤ ਠੀਕ ਠਾਕ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਦੇ ਨਾਮ ਬਿੱਲਾ, ਸਨੀ ਅਤੇ ਮੰਗੂ ਦੱਸੇ ਜਾਂਦੇ ਹਨ।
ਸ਼ਰਨਜੀਤ ਤਾਂ ਭਾਵੇਂ ਉਨ੍ਹਾਂ ਨਾਲ ਆਪਣੀ ਕੋਈ ਖੁੰਦਕ ਨਹੀਂ ਸੀ ਸਮਝਦਾ ਪਰ ਉਸ ਦਾ ਖਿਆਲ ਹੈ ਕਿ ਜਦੋਂ 3-4 ਸਾਲ ਪਹਿਲਾਂ ਉਹ ਪੜ੍ਹਦੇ ਸਨ ਤਾਂ ਇਨ੍ਹਾਂ ਮੁੰਡਿਆਂ ਦਾ ਉਸ ਦੇ ਪਿੰਡ ਦੇ ਮੁੰਡਿਆਂ ਨਾਲ ਟਕਰਾਅ ਹੋ ਗਿਆ ਸੀ। ਸ਼ਰਨਜੀਤ ਵੀ ਉਸ ਸਮੇਂ ਉੱਥੇ ਕੁਝ ਦੂਰੀ ਤੇ ਖੜ੍ਹਾ ਸੀ। ਹੋ ਸਕਦਾ ਹੈ ਇਹ ਮੁੰਡੇ ਸ਼ਰਨਜੀਤ ਨੂੰ ਵੀ ਆਪਣੇ ਮੁਕਾਬਲੇ ਵਾਲੀ ਧਿਰ ਦਾ ਸਮਰਥਕ ਮੰਨਦੇ ਹੋਣ। ਇਸੇ ਸੋਚ ਅਧੀਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੋਵੇ। ਪੁਲਿਸ ਇਸ ਮਾਮਲੇ ਸਬੰਧੀ ਹਸਪਤਾਲ ਵਿੱਚ ਭਰਤੀ ਨੌਜਵਾਨ ਦੇ ਬਿਆਨ ਲੈ ਰਹੀ ਹੈ।