ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜਿਸ ਕਿਸੇ ਨੇ ਵੀ ਇਹ ਦਿ੍ਸ਼ ਦੇਖਿਆ, ਉਸ ਦੇ ਮੂੰਹੋੰ ‘ਹੇ ਰੱਬਾ’ ਸ਼ਬਦ ਨਿਕਲੇ। ਇਸ ਹਾਦਸੇ ਨੇ ਕਈ ਘਰ ਉਜਾੜ ਦਿੱਤੇ। 3 ਸਕੀਆਂ ਭੈਣਾਂ ਵਿਧਵਾ ਹੋ ਗਈਆਂ। ਇਸ ਤੋਂ ਬਿਨਾਂ ਇਨ੍ਹਾਂ ਦਾ ਚਚੇਰਾ ਭਰਾ ਵੀ ਇਸ ਹਾਦਸੇ ਵਿੱਚ ਅੱਖਾਂ ਮੀਟ ਗਿਆ। ਹਾਦਸਾ ਸਰਦਾਰ ਨਗਰ ਦੇ ਰਤਨਗੜ੍ਹ ਰੋਡ ਤੇ ਪੈੰਦੇ ਰਾਣਾਸਰ ਪਿੰਡ ਨੇੜੇ ਹੋਇਆ ਹੈ।
ਜਿੱਥੇ ਬਲੈਰੋ ਗੱਡੀ ਅਤੇ ਟਰੇਲਰ ਆਪਸ ਵਿੱਚ ਟਕਰਾਅ ਗਏ। ਪਤਾ ਲੱਗਾ ਹੈ ਕਿ ਲਾਲ ਚੰਦ ਅਤੇ ਹਰੀ ਰਾਮ ਦੋਵੇਂ ਭਰਾਵਾਂ ਦੇ ਵਿਆਹ ਦੇ ਸਬੰਧ ਵਿੱਚ ਇਨ੍ਹਾਂ ਦੀਆਂ ਭੈਣਾਂ ਅਤੇ ਜੀਜੇ ਆਏ ਹੋਏ ਸਨ। ਵਿਆਹ ਦੀ ਰਸਮ ਵੀਰਵਾਰ ਨੂੰ ਹੋ ਚੁੱਕੀ ਸੀ। ਜਦੋਂ ਵਿਆਹ ਤੋਂ ਬਾਅਦ ਦੀਆਂ ਰਸਮਾਂ ਲਈ ਇਹ ਜਾ ਰਹੇ ਸਨ ਤਾਂ ਰਾਤ 9-30 ਵਜੇ ਭਾਣਾ ਵਾਪਰ ਗਿਆ।
ਜਿਸ ਦੇ ਸਿੱਟੇ ਵਜੋੰ ਲਾੜਿਆਂ ਦਾ ਚਚੇਰਾ ਭਰਾ ਗਿਰਧਾਰੀ ਲਾਲ ਮੌਕੇ ਤੇ ਹੀ ਦਮ ਤੋੜ ਗਿਆ। ਉਸ ਦੀ ਉਮਰ 29 ਸਾਲ ਸੀ ਜਦਕਿ ਲਾੜਿਆਂ ਦੇ 3 ਜੀਜੇ ਤਾਰਾ ਚੰਦ, ਰੁੱਘਾ ਰਾਮ ਅਤੇ ਸੀਤਾ ਰਾਮ ਦੀ ਵੀ ਜਾਨ ਚਲੀ ਗਈ ਹੈ। ਇਨ੍ਹਾਂ ਦੀ ਉਮਰ ਕਰਮਵਾਰ 36 ਸਾਲ, 30 ਸਾਲ ਅਤੇ 32 ਸਾਲ ਸੀ। ਇਸ ਹਾਦਸੇ ਵਿੱਚ 4 ਵਿਅਕਤੀਆਂ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਜਿਨ੍ਹਾਂ ਵਿੱਚ ਲਾੜਾ ਲਾਲ ਚੰਦ ਵੀ ਸ਼ਾਮਲ ਹੈ।
ਪਰਿਵਾਰ ਤਾਂ ਖੁਸ਼ ਸੀ ਕੀ 2 ਲੜਕਿਆਂ ਲਾਲ ਚੰਦ ਅਤੇ ਹਰੀ ਰਾਮ ਦਾ ਵਿਆਹ ਹੋ ਗਿਆ ਹੈ ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਅਗਲੇ ਪਲ ਇਨ੍ਹਾਂ ਦੀਆਂ ਭੈਣਾਂ ਨੇ ਵਿਧਵਾ ਹੋ ਜਾਣਾ ਹੈ। ਵਿਆਹ ਵਾਲੇ ਪਰਿਵਾਰ ਦੇ ਜੀਆਂ ਅਤੇ ਰਿਸ਼ਤੇਦਾਰ ਸਬੰਧੀਆਂ ਦੇ ਹੰਝੂ ਨਹੀਂ ਰੁਕ ਰਹੇ। ਸਾਰੇ ਪਿੰਡ ਵਿੱਚ ਹੀ ਸੋਗ ਦੀ ਲਹਿਰ ਹੈ। ਹਰ ਕੋਈ ਪਰਿਵਾਰ ਨਾਲ ਅਫਸੋਸ ਜਤਾ ਰਿਹਾ ਹੈ। ਮਿਰਤਕ ਦੇਹਾਂ ਦਾ ਪੋਸਟਮਾਰਟਮ ਕਤਵਾਉਣ ਉਪਰੰਤ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।