ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਇੱਕ ਪਿੰਡ ਦੀ ਇੱਕ ਔਰਤ ਪੁਲਿਸ ਤੋਂ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਅਸਲ ਵਿੱਚ ਇਸ ਔਰਤ ਦੇ 8 ਸਾਲਾ ਪੁੱਤਰ ਨੂੰ ਸਕੂਲ ਦੇ ਬਾਹਰੋਂ ਚੁੱਕ ਲਿਆ ਗਿਆ ਹੈ। ਬੱਚਾ ਸਰਕਾਰੀ ਸਕੂਲ ਗੁੱਦੜ ਢੰਡੀ ਵਿੱਚ ਦੂਸਰੀ ਕਲਾਸ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ।
ਉਸ ਦਾ ਨਾਮ ਏਕਮਜੀਤ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਸਾਰੀ ਛੁੱਟੀ ਤੋਂ ਬਾਅਦ 3 ਵਜੇ ਏਕਮਜੀਤ ਆਪਣੇ ਸਾਥੀ ਵਿਦਿਆਰਥੀਆਂ ਨਾਲ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਸਮੇਂ ਇੱਕ ਮਰਦ ਅਤੇ ਇੱਕ ਔਰਤ ਆਏ ਅਤੇ ਬੱਚਿਆਂ ਦੇ ਸਾਹਮਣੇ ਏਕਮਜੀਤ ਨੂੰ ਧੱਕੇ ਨਾਲ ਖਿੱਚ ਕੇ ਲੈ ਗਏ।
ਰੋਂਦੇ ਹੋਏ ਬੱਚਿਆਂ ਨੇ ਇਹ ਗੱਲ ਏਕਮਜੀਤ ਦੀ ਮਾਂ ਨੂੰ ਜਾ ਕੇ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਭਾਵੇਂ ਘਟਨਾ 17 ਤਾਰੀਖ ਨੂੰ ਵਾਪਰੀ ਹੈ ਪਰ ਅਜੇ ਤੱਕ ਵੀ ਬੱਚੇ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਦੀ ਆਪਣੇ ਸਹੁਰੇ ਪਰਿਵਾਰ ਨਾਲ ਕੋਈ ਅਣਬਣ ਹੋਣ ਕਾਰਨ ਉਹ ਆਪਣੇ ਬੱਚੇ ਸਮੇਤ ਆਪਣੇ ਪੇਕੇ ਘਰ ਰਹਿ ਰਹੀ ਹੈ।
ਬੱਚੇ ਦੀ ਮਾਂ ਵੱਲੋਂ ਇਸ ਮਾਮਲੇ ਲਈ ਆਪਣੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਸ ਨੂੰ ਪੁਲਿਸ ਨਾਲ ਵੀ ਸ਼ਿਕਵਾ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਬੱਚੇ ਦੀ ਮਾਂ ਦਾ ਮੰਨਣਾ ਹੈ ਕਿ ਜੇਕਰ ਉਸ ਦੇ ਪੁੱਤਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ।