ਜਿੱਥੇ ਕੁਝ ਦਿਨ ਪਹਿਲਾਂ ਉੱਘੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਦੀ ਮੰਗਣੀ ਮੀਡੀਆ ਦੀ ਸੁਰਖੀ ਬਣੀ ਸੀ ਹੁਣ ਉੱਥੇ ਹੀ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦੀ ਐਕਟਰੈੱਸ ਧੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ ਐੱਲ ਰਾਹੁਲ ਦਾ ਵਿਆਹ ਸੁਰਖੀਆਂ ਵਿੱਚ ਹੈ।
ਇਹ ਵਿਆਹ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਬੰਗਲੇ ਵਿੱਚ 23 ਜਨਵਰੀ ਨੂੰ ਹੋਇਆ। ਜਿਸ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਪ੍ਰੋਗਰਾਮ ਵਿੱਚ ਦੋਵੇਂ ਪਰਿਵਾਰਾਂ ਦੇ ਸਬੰਧੀਆਂ ਦੇ ਨਾਲ ਨਾਲ ਬਾਲੀਵੁੱਡ ਅਤੇ ਖੇਡ ਇੰਡਸਟਰੀ ਨਾਲ ਜੁੜੇ ਹੋਏ ਵਿਅਕਤੀ ਸ਼ਾਮਲ ਸਨ।
ਮਸ਼ਹੂਰ ਫਿਲਮੀ ਅਦਾਕਾਰ ਅਨੂਪਮ ਖੇਰ, ਜੈਕੀ ਸ਼ਰਾਫ ਦੀ ਧੀ ਕ੍ਰਿਸ਼ਨਾ ਸ਼ਰਾਫ, ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਅਤੇ ਕ੍ਰਿਕਟਰ ਇਸ਼ਾਂਤ ਸ਼ਰਮਾ ਵੀ ਨਜ਼ਰ ਆ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕ੍ਰਿਸ਼ਨਾ ਸ਼ਰਾਫ ਅਤੇ ਅੰਸ਼ੁਲਾ ਕਪੂਰ ਦੋਵਾਂ ਦੀ ਹੀ ਆਥੀਆ ਸ਼ੈੱਟੀ ਨਾਲ ਦੋਸਤੀ ਹੈ।
ਵਿਆਹ ਵਾਲੇ ਜੋੜੇ ਦੇ ਕੱਪੜਿਆਂ ਦੀ ਡਿਜ਼ਾਇਨਿੰਗ ਦਾ ਕੰਮ ਡਿਜ਼ਾਈਨਰ ਅਨਾਮਿਕਾ ਖੰਨਾ ਦੁਆਰਾ ਕੀਤਾ ਗਿਆ। ਸੁਨੀਲ ਸ਼ੈੱਟੀ ਧੋਤੀ ਕੁੜਤਾ ਪਹਿਨੀ ਦੇਖੇ ਗਏ। ਪਤਾ ਲੱਗਾ ਹੈ ਕਿ ਆਈ ਪੀ ਐੱਲ ਤੋਂ ਬਾਅਦ ਰਿਸੈਪਸ਼ਨ ਕੀਤੀ ਜਾਵੇਗੀ।
ਵਿਆਹ ਵਿੱਚ ਦੱਖਣ ਭਾਰਤੀ ਰੰਗ ਦੇਖਣ ਨੂੰ ਮਿਲਿਆ। ਦੱਖਣ ਭਾਰਤੀ ਰਿਵਾਜ ਮੁਤਾਬਕ ਕੇਲੇ ਦੇ ਪੱਤਿਆਂ ਤੇ ਖਾਣਾ ਪਰੋਸਿਆ ਗਿਆ। ਸੁਨੀਲ ਸ਼ੈੱਟੀ ਦੀ ਉਨ੍ਹਾਂ ਦੇ ਪੁੱਤਰ ਅਹਾਨ ਸ਼ੈੱਟੀ ਨਾਲ ਤਸਵੀਰ ਮੀਡੀਆ ਵਿੱਚ ਦਿਖਾਈ ਦੇ ਰਹੀ ਹੈ। ਸੋਮਵਾਰ ਦੀ ਰਾਤ ਪਾਰਟੀ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ।