ਦੱਖਣੀ ਭਾਰਤ ਵਿੱਚ ਭਗਵਾਨ ਅਤੇ ਥਲਾਈਵਾ ਕਹੇ ਜਾਣ ਵਾਲੇ ਫ਼ਿਲਮ ਸਟਾਰ ਰਜਨੀਕਾਂਤ ਨੂੰ 3 ਮਈ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਜਾ ਰਿਹਾ ਹੈ। ਇਸ ਦਾ ਐਲਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ। ਇਹ ਐਵਾਰਡ ਇੱਕ ਸਰਵ ਉੱਚ ਐਵਾਰਡ ਹੈ। ਇਸ ਤੋਂ ਪਹਿਲਾਂ ਰਜਨੀਕਾਂਤ ਨੂੰ 2000 ਵਿੱਚ ਪਦਮ ਭੂਸ਼ਣ ਐਵਾਰਡ ਮਿਲ ਚੁੱਕਾ ਹੈ।
ਉਨ੍ਹਾਂ ਨੂੰ 2014 ਵਿੱਚ 45ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ ਵਿੱਚ ‘ਸੈਂਟੇਨਰੀ ਐਵਾਰਡ ਫਾਰ ਇੰਡੀਅਨ ਫਿਲਮ ਪਰਸਨੈਲਿਟੀ ਆਫ ਦ ਈਅਰ’ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਬਿਨਾਂ 2014 ਵਿੱਚ ਹੀ ਉਨ੍ਹਾਂ ਨੂੰ 6 ਤਾਮਿਲਨਾਡੂ ਸਟੇਟ ਫਿਲਮ ਐਵਾਰਡ ਮਿਲ ਚੁੱਕੇ ਹਨ। ਹੁਣ ਅਸੀਂ ਰਜਨੀਕਾਂਤ ਦੇ ਜਨਮ ਅਤੇ ਉਨ੍ਹਾਂ ਦੇ ਰਸਤੇ ਵਿੱਚ ਆਈਆਂ ਰੁਕਾਵਟਾਂ ਦੀ ਗੱਲ ਕਰਦੇ ਹਾਂ।
ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1950 ਨੂੰ ਬੈਂਗਲੁਰੂ ਦੇ ਇੱਕ ਮਰਾਠੀ ਪਰਿਵਾਰ ਵਿੱਚ ਪਿਤਾ ਰਾਮੋਜੀ ਰਾਵ ਗਾਇਕਵਾੜ ਦੇ ਘਰ ਹੋਇਆ ਸੀ। ਜੋ ਕਿ ਹਵਾਲਦਾਰ ਸਨ। ਰਜਨੀਕਾਂਤ ਦਾ ਅਸਲ ਨਾਂ ਸ਼ਿਵਾ ਜੀ ਰਾਵ ਗਾਇਕਵਾੜ ਹੈ। ਉਹ 4 ਭੈਣ ਭਰਾ ਹਨ। ਜਿਨ੍ਹਾਂ ਵਿੱਚੋਂ ਰਜਨੀਕਾਂਤ ਸਭ ਤੋਂ ਛੋਟੇ ਹਨ।
ਅਜੇ ਉਹ 4 ਸਾਲ ਦੇ ਹੀ ਸਨ ਕਿ ਉਨ੍ਹਾਂ ਦੀ ਮਾਂ ਨੇ ਅੱਖਾਂ ਮੀਟ ਲਈਆਂ। ਘਰ ਦੀ ਗਰੀਬੀ ਕਾਰਨ ਰਜਨੀਕਾਂਤ ਨੂੰ ਕੁਲੀ ਦਾ ਕੰਮ ਵੀ ਕਰਨਾ ਪਿਆ। ਇਸ ਤਰ੍ਹਾਂ ਹੀ ਲੱਕੜ ਦਾ ਕੰਮ ਅਤੇ ਫੇਰ ਬੈਂਗਲੁਰੂ ਰੋਡਵੇਜ਼ ਵਿੱਚ ਕੰਡਕਟਰ ਲੱਗ ਗਏ ਪਰ ਮਨ ਵਿੱਚ ਐਕਟਿੰਗ ਦਾ ਸ਼ੌਕ ਹੋਣ ਕਰਕੇ ਕੰਡਕਟਰੀ ਦੇ ਨਾਲ ਨਾਲ ਕੰਨੜ ਰੰਗਮੰਚ ਨਾਲ ਜੁੜ ਗਏ।
ਐਕਟਿੰਗ ਦੇ ਸ਼ੌਕ ਦੇ ਚਲਦੇ ਆਪਣੇ ਇੱਕ ਦੋਸਤ ਦੀ ਮਦਦ ਨਾਲ 1973 ਵਿੱਚ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖਲ ਹੋ ਗਏ। ਉੱਥੋਂ ਐਕਟਿੰਗ ਦਾ ਡਿਪਲੋਮਾ ਲਿਆ। ਜਿਸ ਤੋਂ ਬਾਅਦ ਫ਼ਿਲਮਾਂ ਵੱਲ ਰੁਖ਼ ਕੀਤਾ। ਤਦ ਤੱਕ ਉਨ੍ਹਾਂ ਦੀ ਉਮਰ 25 ਸਾਲ ਹੋ ਗਈ ਸੀ। ਉਨ੍ਹਾਂ ਦੀ ਪਹਿਲੀ ਤਾਮਿਲ ਫਿਲਮ ‘ਅਪੂਰਵਾ ਰਾਗਨਗਾਲ’ ਕਮਲ ਹਸਨ ਅਤੇ ਸ੍ਰੀ ਵਿਦਿਆ ਨਾਲ ਆਈ ਸੀ।
ਪਹਿਲੇ 2 ਸਾਲ ਤਾਂ ਰਜਨੀਕਾਂਤ ਨੂੰ ਜ਼ਿਆਦਾਤਰ ਕਮਲ ਹਸਨ ਦੀਆਂ ਫ਼ਿਲਮਾਂ ਵਿੱਚ ਖਲਨਾਇਕ ਦੇ ਰੋਲ ਮਿਲਦੇ ਰਹੇ ਪਰ 1978 ਵਿੱਚ ਉਨ੍ਹਾਂ ਨੂੰ ਤਾਮਿਲ ਫਿਲਮ ‘ਭੈਰਵੀ’ ਵਿੱਚ ਵਧੀਆ ਕਿਰਦਾਰ ਮਿਲਿਆ। ਇਸ ਫਿਲਮ ਦੀ ਸਫਲਤਾ ਨੇ ਉਨ੍ਹਾਂ ਦੀ ਕਿਸਮਤ ਹੀ ਪਲਟ ਦਿੱਤੀ। ਜਿਸ ਨੇ ਉਨ੍ਹਾਂ ਨੂੰ ਸਾਉਥ ਫ਼ਿਲਮਾਂ ਦੇ ਸੁਪਰਸਟਾਰ ਬਣਾ ਦਿੱਤਾ। ਰਜਨੀਕਾਂਤ ਦੀ ਅਦਾਕਾਰੀ ਦਾ ਬਾਲੀਵੁੱਡ ਵਿੱਚ ਵੀ ਸਿੱਕਾ ਚੱਲਿਆ।
ਬਾਲੀਵੁੱਡ ਵਿੱਚ ਉਨ੍ਹਾਂ ਨੇ ਇਨਸਾਫ ਕੌਨ ਕਰੇਗਾ, ਕ੍ਰਾਂਤੀਕਾਰੀ, ਮੇਰੀ ਅਦਾਲਤ, ਜਾਨ ਜਾਨੀ ਜਨਾਰਦਨ, ਅੰਧਾ ਕਾਨੂੰਨ ਅਤੇ ਚਾਲਬਾਜ਼ ਆਦਿ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਰਜਨੀਕਾਂਤ ਨੂੰ ਏਸ਼ੀਆ ਦਾ ਸਭ ਤੋਂ ਮਹਿੰਗਾ ਸਟਾਰ ਮੰਨਿਆ ਜਾਂਦਾ ਹੈ। ਜੋ ਇੱਕ ਫਿਲਮ ਵਿੱਚ ਕੰਮ ਕਰਨ ਦੇ ਲਗਭਗ 80 ਕਰੋੜ ਰੁਪਏ ਲੈਂਦੇ ਹਨ। ਰਜਨੀਕਾਂਤ ਨੇ 26 ਫਰਵਰੀ 1981 ਨੂੰ ਲਾਥਾ ਨਾਲ ਵਿਆਹ ਕਰਵਾ ਲਿਆ ਸੀ।
ਇਨ੍ਹਾਂ ਦੀਆਂ 2 ਧੀਆਂ ਹਨ। ਵੱਡੀ ਐਸ਼ਵਰਿਆ ਰਜਨੀਕਾਂਤ ਹੈ। ਜੋ ਕਿ ਡਾਇਰੈਕਟਰ ਹੈ ਜਦਕਿ ਛੋਟੀ ਧੀ ਸੌਂਦਰਿਆ ਰਜਨੀਕਾਂਤ ਡਾਇਰੈਕਟਰ, ਪ੍ਰੋਡਿਊਸਰ ਅਤੇ ਡਿਜ਼ਾਈਨਰ ਹੈ। ਰਜਨੀਕਾਂਤ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਰ ਗਰੀਬ ਲੋੜਵੰਦ ਦੀ ਮਦਦ ਕਰਦੇ ਹਨ।