ਸ਼ਾਇਦ ਹੀ ਕਦੇ ਦੇਖੀਆਂ ਹੋਣ ਇਹ ਪੁਰਾਣੀਆਂ ਅਨੋਖੀਆਂ ਚੀਜ਼ਾਂ, ਕਈਆਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ

ਜਦੋਂ ਅਸੀਂ ਅੱਜਕੱਲ੍ਹ ਦੇ ਸਮੇਂ ਦੀ ਲਗਭਗ 50-60 ਸਾਲ ਪਹਿਲਾਂ ਦੇ ਸਮੇਂ ਨਾਲ ਤੁਲਨਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਉਸ ਸਮੇਂ ਵਿਅਕਤੀ ਸਰੀਰਕ ਪੱਖੋਂ ਹੁਣ ਦੇ ਮੁਕਾਬਲੇ ਜ਼ਿਆਦਾ ਮਜਬੂਤ ਸਨ। ਜਦੋਂ ਅਸੀਂ ਇਸ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਇਹੋ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਦੇ ਲੋਕ ਹੱਥੀਂ ਕੰਮ ਕਰਦੇ ਸਨ। ਉਸ ਸਮੇਂ ਸਹੂਲਤਾਂ ਦੀ ਘਾਟ ਸੀ।

ਅੱਜ ਵਾਂਗ ਸਾਧਨ ਉਪਲਬਧ ਨਹੀਂ ਸਨ। ਆਉਣ ਜਾਣ ਲਈ ਮੋਟਰਾਂ ਕਾਰਾਂ ਦੀ ਅੱਜ ਵਾਂਗ ਸੁਵਿਧਾ ਨਹੀਂ ਸੀ। ਆਮ ਲੋਕ ਪੈਦਲ ਤੁਰ ਕੇ ਜਾਂਦੇ ਸਨ। ਵਿਰਲੇ ਵਿਅਕਤੀਆਂ ਕੋਲ ਹੀ ਆਪਣੇ ਘੋੜੇ ਜਾਂ ਗੱਡੇ ਹੁੰਦੇ ਸਨ। ਖੇਤੀ ਟਰੈਕਟਰਾਂ ਨਾਲ ਨਹੀਂ ਸੀ ਹੁੰਦੀ ਸਗੋੰ ਬਲਦਾਂ ਨਾਲ ਹਲ਼ ਵਾਹਿਆ ਜਾਂਦਾ ਸੀ। ਫਸਲਾਂ ਦੀ ਸਿੰਚਾਈ ਲਈ ਅੱਜ ਵਾਂਗ ਮੋਟਰਾਂ ਜਾਂ ਟਿਊਬਵੈੱਲ ਨਹੀਂ ਸਨ।

ਫ਼ਸਲਾਂ ਨੂੰ ਪਾਣੀ ਦੇਣ ਲਈ ਹਲਟਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਹਲਟਾਂ ਨੂੰ ਚਲਾਉਣ ਲਈ ਬਲਦ ਵਰਤੇ ਜਾਂਦੇ ਸਨ। ਇੱਕ ਵਿਅਕਤੀ ਬਲਦਾਂ ਨੂੰ ਹਿੱਕਦਾ ਰਹਿੰਦਾ ਸੀ। ਕਈ ਵਾਰ ਹਲਟ ਅੱਗੇ ਊਠ ਜੋੜਿਆ ਜਾਂਦਾ ਸੀ। ਇਸ ਤਰਾਂ ਸਾਰਾ ਦਿਨ ਪਸ਼ੂਆਂ ਦੇ ਪਿੱਛੇ ਤੁਰਨ ਵਾਲੇ ਵਿਅਕਤੀ ਦੀ ਵੀ ਕਸਰਤ ਹੁੰਦੀ ਰਹਿੰਦੀ ਸੀ।

ਉਦੋੰ ਕਿਸੇ ਨੂੰ ਜਿੰਮ ਆਦਿ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਅਤੇ ਨਾ ਹੀ ਉਨ੍ਹਾਂ ਸਮਿਆਂ ਵਿੱਚ ਜਿੰਮ ਹੁੰਦੀ ਸੀ। ਲੋਕ ਹੱਥੀਂ ਕੰਮ ਕਰਨ ਕਰਕੇ ਤਾਕਤਵਰ ਸਨ। ਫਸਲਾਂ ਕੱਟਣ ਲਈ ਕੰਬਾਈਨ ਨਹੀਂ ਸੀ। ਦਾਤੀ ਨਾਲ ਫਸਲ ਕੱਟ ਕੇ ਫੇਰ ਬਲਦਾਂ ਨਾਲ ਗਾਹ ਕੇ ਦਾਣੇ ਕੱਢੇ ਜਾਂਦੇ ਸਨ। ਅੱਜ ਦੇ ਮੁਕਾਬਲੇ ਫਸਲ ਘੱਟ ਹੁੰਦੀ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਉਹ ਲੋਕ ਸੰਤੁਸ਼ਟ ਸਨ।

ਉਨ੍ਹਾ ਦਾ ਰਹਿਣ ਸਹਿਣ ਸਾਦਾ ਸੀ। ਜ਼ਿਆਦਾਤਰ ਲੋਕ ਕੱਚੇ ਘਰਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਹੱਥੀਂ ਮਿਹਨਤ ਕਰਨ ਕਰਕੇ ਹੀ ਉਹ ਰਿਸ਼ਟ ਪੁਸ਼ਟ ਸਨ ਅਤੇ ਉਨ੍ਹਾ ਨੂੰ ਜਲਦੀ ਦਵਾਈ ਲੈਣ ਦੀ ਲੋੜ ਨਹੀਂ ਸੀ ਪੈਂਦੀ। ਉਨ੍ਹਾਂ ਦੀ ਸਾਦਗੀ ਹੀ ਉਨ੍ਹਾਂ ਦੀ ਤੰਦਰੁਸਤੀ ਦਾ ਕਾਰਨ ਸੀ। ਅੱਜਕੱਲ੍ਹ ਜਿੰਨੀਆਂ ਸਿਹਤ ਸਹੂਲਤਾਂ ਉਪਲਬਧ ਹਨ, ਉਨੀ ਹੀ ਹਸਪਤਾਲਾਂ ਵਿੱਚ ਭੀੜ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *