ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਇੱਕ ਨੌਜਵਾਨ ਦੀ ਮਿਰਤਕ ਦੇਹ ਮਿਲਣ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਜੁਟੀ ਹੋਈ ਹੈ। ਜਿਸ ਦੀ ਪਛਾਣ ਪਿੰਡ ਗਹਿਰੀ ਦੇ ਹਰਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਜਲਾਲਾਬਾਦ ਰੋਡ ਬਾਈਪਾਸ ਤੇ ਸੂਏ ਵਿੱਚ ਇੱਕ ਨੌਜਵਾਨ ਦੀ ਮਿਰਤਕ ਦੇਹ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਿਰਤਕ ਦੇਹ ਨੂੰ ਬਾਹਰ ਕਢਵਾਇਆ ਅਤੇ ਇਸ ਦੀ ਪਛਾਣ ਕਰਵਾ ਕੇ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ।
ਪੁੱਛਗਿੱਛ ਤੋਂ ਪਤਾ ਲੱਗਾ ਕਿ ਹਰਵਿੰਦਰ ਸਿੰਘ ਆਪਣੇ ਇੱਕ ਦੋਸਤ ਬੋਹੜ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਜੰਡੂ ਵਾਲਾ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਸੀ। ਇਹ ਦੋਵੇਂ ਆਪਣੇ ਤੀਸਰੇ ਦੋਸਤ ਰੋਬਿਨ ਸਿੰਘ ਦੇ ਜਨਮਦਿਨ ਦੇ ਪ੍ਰੋਗਰਾਮ ਤੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਬੋਹੜ ਸਿੰਘ ਤੋਂ ਪੁੱਛਗਿੱਛ ਕੀਤੀ। ਬੋਹੜ ਸਿੰਘ ਨੇ ਦੱਸਿਆ ਕਿ ਜਦੋਂ ਉਹ ਜਨਮਦਿਨ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਤਾਂ ਇਸ ਥਾਂ ਸੂਏ ਉੱਤੇ ਪਹੁੰਚ ਕੇ ਹਾਦਸਾ ਵਾਪਰ ਗਿਆ।
ਹਰਵਿੰਦਰ ਸਿੰਘ ਕਿਸੇ ਤਰ੍ਹਾਂ ਸੂਏ ਵਿੱਚ ਜਾ ਡਿੱਗਾ। ਇੱਥੇ ਇਹ ਵੀ ਦੱਸਦਾ ਬਣਦਾ ਹੈ ਕਿ ਸੂਏ ਵਿੱਚ ਪਾਣੀ ਸਿਰਫ਼ ਇੱਕ ਫੁੱਟ ਦੀ ਡੂੰਘਾਈ ਤੱਕ ਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਰਵਿੰਦਰ ਸਿੰਘ ਦੀ ਜਾਨ ਜਾਣ ਪਿੱਛੇ ਕੀ ਕਾਰਨ ਹੋ ਸਕਦਾ ਹੈ? ਕੀ ਸਚਮੁੱਚ ਹੀ ਹਰਵਿੰਦਰ ਸਿੰਘ ਦੀ ਜਾਨ ਹਾਦਸੇ ਵਿੱਚ ਗਈ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਕਿਤੇ ਉਸ ਦੀ ਜਾਨ ਕਿਸੇ ਨੇ ਜਾਣਬੁੱਝ ਕੇ ਤਾਂ ਨਹੀਂ ਲਈ?
ਮਿਰਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਮਿਰਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਦੀ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਚਾਈ ਸਾਹਮਣੇ ਆ ਸਕੇਗੀ। ਹਰ ਕਿਸੇ ਦੀਆਂ ਨਜ਼ਰਾਂ ਪੁਲਿਸ ਦੀ ਜਾਂਚ ਵੱਲ ਲੱਗੀਆਂ ਹੋਈਆਂ ਹਨ।