ਭਾਰਤ ਦੇ ਵੱਡੇ ਕਾਰੋਬਾਰੀ ਘਰਾਣਿਆਂ ਅਡਾਨੀ ਅਤੇ ਅੰਬਾਨੀ ਪਰਿਵਾਰਾਂ ਦੀ ਅਕਸਰ ਹੀ ਮੀਡੀਆ ਵਿੱਚ ਚਰਚਾ ਰਹਿੰਦੀ ਹੈ। ਅੱਜ ਕੱਲ੍ਹ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਆਪਣੀ ਮੰਗਣੀ ਕਾਰਨ ਮੀਡੀਆ ਦੀ ਸੁਰਖੀ ਬਣੇ ਹੋਏ ਹਨ। ਉਨ੍ਹਾਂ ਦੀ ਮੰਗਣੀ ਐਨਕੋਰ ਹੈਲਥ ਕੇਅਰ ਦੇ ਸੀ ਈ ਓ ਵਿਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਹੋਈ ਹੈ।
ਇਹ ਰਸਮ ਅੰਬਾਨੀ ਪਰਿਵਾਰ ਦੀ ਮੁੰਬਈ ਸਥਿਤ ਰਿਹਾਇਸ਼ ਏਂਟੀਲੀਆ ਵਿਖੇ ਹੋਈ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵੱਲੋਂ ਇੱਕ ਦੂਜੇ ਨੂੰ ਮੁੰਦਰੀ ਪਹਿਨਾਈ ਗਈ। ਖੂਬ ਰੌਣਕ ਲੱਗੀ ਹੋਈ ਸੀ। ਦੋਵੇਂ ਪਰਿਵਾਰਾਂ ਵੱਲੋਂ ਇੱਕ ਦੂਜੇ ਨੂੰ ਤੋਹਫੇ ਦਿੱਤੇ ਗਏ। ਅਨੰਤ ਅੰਬਾਨੀ ਦੀ ਮਾਂ ਨੀਤਾਂ ਅੰਬਾਨੀ ਅਤੇ ਪਰਿਵਾਰ ਦੇ ਹੋਰ ਜੀਆਂ ਨੇ ਨੱਚ ਕੇ ਖੁਸ਼ੀ ਮਨਾਈ।
ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ 29 ਦਸੰਬਰ ਨੂੰ ਇਨ੍ਹਾਂ ਦੀ ਰੋਕ ਹੋਈ ਸੀ। ਇਹ ਪ੍ਰੋਗਰਾਮ ਰਾਜਸਥਾਨ ਦੇ ਜ਼ਿਲ੍ਹਾ ਰਾਜ ਸਮੰਦ ਦੇ ਨਾਥ ਦੁਆਰ ਸਥਿਤ ਸ੍ਰੀ ਨਾਥ ਜੀ ਮੰਦਰ ਵਿੱਚ ਹੋਇਆ ਸੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੋਵੇਂ ਹੀ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਜਦੋਂ ਵੀ ਅੰਬਾਨੀ ਪਰਿਵਾਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਰਾਧਿਕਾ ਦੀ ਮੌਜੂਦਗੀ ਦੇਖੀ ਜਾਂਦੀ ਰਹੀ ਹੈ।
ਰਾਧਿਕਾ ਮਰਚੈਂਟ ਨੇ ਆਪਣੀ ਮੁੱਢਲੀ ਸਿੱਖਿਆ ਮੁੰਬਈ ਤੋਂ ਹੀ ਪ੍ਰਾਪਤ ਕੀਤੀ ਫਿਰ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਨਿਊਯਾਰਕ ਤੋਂ ਕੀਤੀ। ਅਨੰਤ ਅੰਬਾਨੀ ਨੇ ਆਪਣੀ ਸਿੱਖਿਆ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ। ਇਨ੍ਹਾਂ ਦਾ ਵਿਆਹ ਕਦੋਂ ਹੋਵੇਗਾ? ਇਸ ਦੀ ਕੋਈ ਜਾਣਕਾਰੀ ਨਹੀਂ ਹੈ।