ਜਿਸ ਦਿਨ ਤੋਂ ਨਵਾਂ ਸਾਲ 2023 ਚੜ੍ਹਿਆ ਹੈ, ਉਸ ਦਿਨ ਤੋਂ ਹੀ ਹੁਣ ਤੱਕ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਕਈ ਦਿਲ ਨੂੰ ਢਾਹ ਲਾਉਣ ਵਾਲੀਆਂ ਖਬਰਾਂ ਸੁਣਨ ਨੂੰ ਮਿਲੀਆਂ ਹਨ।
ਬਟਾਲਾ ਦੇ ਪਿੰਡ ਨਾਨੋਵਾਲ ਖੁਰਦ ਦੇ ਰਹਿਣ ਵਾਲੇ ਜਸਪਾਲ ਸਿੰਘ ਦੇ ਪਰਿਵਾਰ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਉਨ੍ਹਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਉਨ੍ਹਾਂ ਦਾ 24 ਸਾਲਾ ਇਕਲੌਤਾ ਪੁੱਤਰ ਅੰਮਿ੍ਤਪਾਲ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ।
ਪਰਿਵਾਰ ਨੇ ਤਾਂ ਅਗਲੇ ਦਿਨ ਆਪਣੀ ਧੀ ਦੀ ਕੁੜਮਾਈ ਕਰਨੀ ਸੀ। ਪਰਿਵਾਰ ਇਸੇ ਖੁਸ਼ੀ ਵਿੱਚ ਭੱਜਾ ਫਿਰਦਾ ਸੀ ਪਰ ਜਦੋਂ ਅੰਮ੍ਰਿਤਪਾਲ ਦੇ ਤਾਏ ਦੇ ਪੁੱਤਰ ਨੇ ਆਸਟ੍ਰੇਲੀਆ ਤੋਂ ਫੋਨ ਤੇ ਇਹ ਖਬਰ ਦਿੱਤੀ ਤਾਂ ਪਰਿਵਾਰ ਦੀਆਂ ਸਭ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ।
ਅੰਮ੍ਰਿਤਪਾਲ ਸਿੰਘ ਦੀ ਉਮਰ 24 ਸਾਲ ਸੀ। ਉਹ 2017 ਵਿੱਚ ਪੜ੍ਹਨ ਲਈ ਆਸਟ੍ਰੇਲੀਆ ਦੇ ਸ਼ਹਿਰ ਪਰਤ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਹੁਣ ਉਹ ਵਰਕ ਪਰਮਿਟ ਹਾਸਲ ਕਰਕੇ ਕੰਮ ਤੇ ਲੱਗਾ ਹੋਇਆ ਸੀ। ਜਦੋਂ ਅੰਮ੍ਰਿਤਪਾਲ ਸਿੰਘ ਕੰਮ ਤੋਂ ਵਾਪਸ ਮੁੜਿਆ ਤਾਂ ਘਰ ਆ ਕੇ ਉਹ ਬਾਥਰੂਮ ਵਿੱਚ ਡਿੱਗ ਪਿਆ ਅਤੇ ਦਮ ਤੋੜ ਗਿਆ।
ਇਹ ਘਟਨਾ 18 ਫਰਵਰੀ ਨੂੰ ਵਾਪਰੀ ਹੈ। ਪਰਿਵਾਰ ਨੂੰ ਕੁਝ ਵੀ ਨਹੀਂ ਅਹੁੜ ਰਿਹਾ। ਉਨ੍ਹਾਂ ਨੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਦੀ ਮਿਰਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮੱਦਦ ਕੀਤੀ ਜਾਵੇ ਤਾਂ ਕਿ ਉਹ ਆਖਰੀ ਵਾਰ ਅੰਮ੍ਰਿਤਪਾਲ ਦਾ ਮੂੰਹ ਦੇਖ ਸਕਣ। ਪਤਾ ਲੱਗਾ ਹੈ ਕਿ ਅਜੇ ਮਿਰਤਕ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ।