ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਪੰਜਾਬ ਖਾਲੀ ਹੁੰਦਾ ਦਿਖਾਈ ਦੇ ਰਿਹਾ ਹੈ। ਜਿਸ ਤਰਾਂ ਸਾਡੇ ਮੁਲਕ ਵਿੱਚ ਰੁਜ਼ਗਾਰ ਦੀ ਕਮੀ ਨਜ਼ਰ ਆਉਂਦੀ ਹੈ, ਉਸ ਦੇ ਮੱਦੇਨਜ਼ਰ ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਵਹੀਰਾਂ ਘੱਤੀ ਤੁਰੇ ਜਾ ਰਹੇ ਹਨ। ਜਿਸ ਕਰਕੇ ਟਰੈਵਲ ਏਜੰਟਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ।
ਉਹ ਹਰ ਪੁੱਠੇ ਸਿੱਧੇ ਤਰੀਕੇ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ ਵਾਲਾ ਜਹਾਜ਼ ਚੜ੍ਹਾ ਕੇ ਆਪ ਮੂੰਹ ਮੰਗੀ ਰਕਮ ਹਾਸਲ ਕਰ ਲੈਂਦੇ ਹਨ। ਨੌਜਵਾਨਾਂ ਨੂੰ ਜੰਗਲ ਦੇ ਰਸਤੇ ਡੌਂਕੀ ਰਾਹੀਂ ਲਿਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਕਈ ਨੌਜਵਾਨ ਜੰਗਲ ਵਿੱਚ ਹੀ ਭੁੱਖੇ ਪਿਆਸੇ ਦਮ ਤੋੜ ਦਿੰਦੇ ਹਨ। ਕਈ ਬਾਰਡਰ ਪੁਲਿਸ ਦੇ ਧੱਕੇ ਚੜ੍ਹਨ ਕਾਰਨ ਜੇ-ਲ੍ਹਾਂ ਵਿੱਚ ਪਹੁੰਚ ਜਾਂਦੇ ਹਨ।
ਪਿੱਛੇ ਪਰਿਵਾਰ ਉਨ੍ਹਾਂ ਦੇ ਫੋਨ ਉਡੀਕਦੇ ਰਹਿੰਦੇ ਹਨ। ਜੇਕਰ ਏਜੰਟਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਵੀ ਪੱਲਾ ਝਾੜ ਦਿੰਦੇ ਹਨ। ਸਰਕਾਰਾਂ ਵੀ ਇਨ੍ਹਾਂ ਪਰਿਵਾਰਾਂ ਦੀ ਬਾਂਹ ਨਹੀਂ ਫੜਦੀਆਂ। 2017 ਤੋਂ ਇਟਲੀ ਗਏ 6 ਨੌਜਵਾਨਾਂ ਦੀ ਕੋਈ ਉੱਘ ਸੁੱਘ ਨਹੀਂ ਲੱਗ ਰਹੀ।
ਇਨ੍ਹਾਂ ਦ ਨਾਮ ਅੰਮਿ੍ਤਸਰ ਵਾਸੀ ਨਵਜੋਤ ਸਿੰਘ, ਭਾਗਰਾਵਾ ਵਾਸੀ ਗੁਰਪ੍ਰੀਤ ਸਿੰਘ, ਲੁਧਿਆਣਾ ਵਾਸੀ ਗੁਰਵਿੰਦਰ ਸਿੰਘ, ਪਟਿਆਲਾ ਵਾਸੀ ਲਵਜੀਤ ਸਿੰਘ, ਸੋਲਨ ਵਾਸੀ ਬੂਟਾ ਸਿੰਘ ਅਤੇ ਕਰਨਾਲ ਵਾਸੀ ਧਰਮਪਾਲ ਸਿੰਘ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ 2017 ਵਿੱਚ ਇਟਲੀ ਲਈ ਰਵਾਨਾ ਹੋਏ ਸਨ।
ਪਰਿਵਾਰਾਂ ਨੂੰ ਇਨ੍ਹਾਂ ਦੇ ਸਤੰਬਰ 2017 ਵਿੱਚ ਤੁਰਕੀ ਪਹੁੰਚਣ ਦੀ ਖਬਰ ਹੈ। ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦਾ ਕੋਈ ਪਤਾ ਨਹੀਂ ਹੈ। ਇੰਨੇ ਸਾਲ ਬੀਤ ਜਾਣ ਬਾਅਦ ਵੀ ਪਰਿਵਾਰ ਉਨ੍ਹਾਂ ਦੇ ਫੋਨ ਉਡੀਕ ਰਹੇ ਹਨ। ਵਿਦੇਸ਼ਾਂ ਵਿੱਚ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲਾਂ ਬਾਤਾਂ ਕਰਦੇ ਹਨ ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ।
ਇਨ੍ਹਾਂ ਪਰਿਵਾਰਾਂ ਨੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਜੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵਾਪਸ ਘਰ ਲਿਆਂਦਾ ਜਾਵੇ।
ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ ਜਨਤਾ ਨੂੰ ਚੂਨਾ ਲਾਉਣ ਵਾਲੇ ਇਨ੍ਹਾਂ ਏਜੰਟਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਜਨਤਾ ਨੂੰ ਇਨਸਾਫ਼ ਮਿਲ ਸਕੇ। ਇਹ ਏਜੰਟ ਇੱਕ ਥਾਂ ਅਜਿਹੀ ਹਰਕਤ ਕਰਕੇ ਫੇਰ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਦਫ਼ਤਰ ਖੋਲ੍ਹ ਕੇ ਬੈਠ ਜਾਂਦੇ ਹਨ।