ਇਨ੍ਹਾਂ ਦਿਨਾਂ ਵਿੱਚ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਵਿੱਚ ਖਲਬਲੀ ਮਚੀ ਹੋਈ ਹੈ। ਇਸ ਦਾ ਕਾਰਨ ਪਿਛਲੇ ਦਿਨੀਂ ਨਜ਼ਰ ਆਇਆ ਇੱਕ ਗੁਬਾਰਾ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੁਬਾਰਾ ਚੀਨ ਦੁਆਰਾ ਛੱਡਿਆ ਗਿਆ ਹੈ, ਜਿਸ ਦਾ ਉਦੇਸ਼ ਹੋਰ ਮੁਲਕਾਂ ਦੀ ਖੁਫ਼ੀਆ ਜਾਣਕਾਰੀ ਹਾਸਲ ਕਰਨਾ ਹੈ। ਇਨ੍ਹਾਂ ਮੁਲਕਾਂ ਵਿੱਚ ਅਮਰੀਕਾ, ਭਾਰਤ, ਜਪਾਨ, ਵੀਅਤਨਾਮ, ਫਿਲੀਪੀਨ ਅਤੇ ਤਾਈਵਾਨ ਆਦਿ ਦਾ ਨਾਮ ਲਿਆ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਸ਼ਨੀਵਾਰ ਵਾਲੇ ਦਿਨ ਐਟਲਾਂਟਿਕ ਮਹਾਂਸਾਗਰ ਉੱਤੇ ਸਾਉਥ ਕੈਰੋਲਾਈਨਾ ਦੇ ਤੱਟ ਉੱਤੇ ਅਮਰੀਕਾ ਦੁਆਰਾ ਇਸ ਗੁਬਾਰੇ ਨੂੰ ਨਸ਼ਟ ਕੀਤਾ ਗਿਆ। ਅਮਰੀਕਾ ਵੱਲੋਂ ਆਪਣੇ ਮਿੱਤਰ ਮੁਲਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ ਕਿ ਚੀਨ ਦੁਆਰਾ ਉਨ੍ਹਾਂ ਦੀ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਤਰਾਂ ਇੱਕ ਤਰਾਂ ਨਾਲ ਇਹ ਇਨ੍ਹਾਂ ਮੁਲਕਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਗੁਬਾਰਾ ਹੀ ਨਹੀਂ ਹੈ ਸਗੋਂ ਚੀਨ ਨੇ ਅਜਿਹੇ ਗੁਬਾਰਿਆਂ ਦਾ ਇੱਕ ਬੇੜਾ ਤਿਆਰ ਕੀਤਾ ਹੈ। ਜਿਸ ਦਾ ਮੁੱਖ ਉਦੇਸ਼ ਅਮਰੀਕਾ, ਭਾਰਤ ਅਤੇ ਜਪਾਨ ਆਦਿ ਮੁਲਕਾਂ ਦੀ ਜਾਸੂਸੀ ਕਰਨਾ ਹੈ। ਇਹ ਗੁਬਾਰੇ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਇਹ ਘਟਨਾਵਾਂ ਬੀਤੇ ਸਮੇਂ ਦੌਰਾਨ ਹਵਾਈ, ਫਲੋਰੀਡਾ, ਟੈਕਸਾਸ ਅਤੇ ਗੁਆਮ ਵਿੱਚ ਵਾਪਰ ਚੁੱਕੀਆਂ ਹਨ।
ਇਨ੍ਹਾਂ ਵਿੱਚ 3 ਘਟਨਾਵਾਂ ਤਾਂ ਉਸ ਸਮੇਂ ਨਾਲ ਸਬੰਧਿਤ ਹਨ ਜਦੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ। ਪੰਜਵੀਂ ਘਟਨਾ ਇਨ੍ਹਾਂ ਦਿਨਾਂ ਵਿੱਚ ਪਿਛਲੇ ਸ਼ਨੀਵਾਰ ਨੂੰ ਦੇਖੀ ਗਈ ਹੈ। ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਦੁਆਰਾ 40 ਦੂਤਘਰਾਂ ਨੂੰ ਇਸ ਮਾਮਲੇ ਬਾਰੇ ਜਾਗਰੂਕ ਕੀਤਾ ਗਿਆ। ਆਮਤੌਰ ਤੇ ਹਰ ਮੁਲਕ ਦੁਆਰਾ ਦੂਜੇ ਮੁਲਕ ਦੀ ਖੁਫ਼ੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕਈ ਵਾਰ ਪਤਾ ਵੀ ਨਹੀਂ ਲੱਗਦਾ। ਭਾਵੇਂ ਅਮਰੀਕਾ ਨੂੰ ਦੁਨੀਆਂ ਦੀ ਸੁਪਰ ਪਾਵਰ ਸਮਝਿਆ ਜਾਂਦਾ ਹੈ ਪਰ ਹੁਣ ਇੱਕ ਵਾਰ ਫਿਰ ਦੁਨੀਆਂ 2 ਧੜਿਆਂ ਵਿੱਚ ਨਜ਼ਰ ਅਉੰਦੀ ਜਾ ਰਹੀ ਹੈ। ਚੀਨ ਦਿਨ ਪ੍ਰਤੀ ਦਿਨ ਮਹਾਂਸ਼ਕਤੀ ਬਣਨ ਵੱਲ ਨੂੰ ਵਧ ਰਿਹਾ ਹੈ। ਭਾਰਤ ਭਾਵੇਂ ਗੁੱਟ ਨਿਰਲੇਪ ਹੈ ਪਰ ਇਸ ਦਾ ਚੀਨ ਨਾਲ ਸਰਹੱਦੀ ਵਿਵਾਦ ਜਗ ਜ਼ਾਹਰ ਹੈ।