ਕਬੱਡੀ ਖੇਡ ਜਗਤ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਨੂੰ ਸੁਣ ਕੇ ਹਰ ਪੰਜਾਬੀ ਨੂੰ ਧੱਕਾ ਲਗਦਾ ਹੈ ਕਿਉਂਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ। ਨੰਗਲ ਅੰਬੀਆਂ ਤੋਂ ਬਾਅਦ ਹੁਣ ਤੱਕ ਚੋਟੀ ਦੇ ਕਈ ਕਬੱਡੀ ਖਿਡਾਰੀ ਇਸ ਦੁਨੀਆਂ ਤੋਂ ਸਦਾ ਲਈ ਤੁਰ ਗਏ।

ਹੁਣ ਅਮਰਪਾਲ ਸਿੰਘ ਘਸ ਵਾਲਾ ਦੇ ਤੁਰ ਜਾਣ ਨਾਲ ਹਰ ਕਬੱਡੀ ਪ੍ਰੇਮੀ ਨੂੰ ਧੱਕਾ ਲੱਗਾ ਹੈ। ਇਹ ਕਬੱਡੀ ਖਿਡਾਰੀ ਅਮਰ ਘਸ ਵਾਲਾ ਦੇ ਨਾਮ ਨਾਲ ਹੀ ਮਸ਼ਹੂਰ ਸੀ। ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਸਪੁਰ ਦੇ ਰਹਿਣ ਵਾਲੇ ਪਿਤਾ ਖੁਸ਼ਵੰਤ ਸਿੰਘ ਅਤੇ ਮਾਂ ਰੇਸ਼ਮ ਕੌਰ ਦਾ ਇਕਲੌਤਾ ਪੁੱਤਰ ਸੀ।

ਉਸ ਦੀ ਇੱਕੋ ਇੱਕ ਭੈਣ ਯੂ ਕੇ ਵਿੱਚ ਰਹਿ ਰਹੀ ਹੈ। ਅਮਰ ਦੇ ਗਰੀਬ ਮਾਤਾ ਪਿਤਾ ਨੇ ਉਸ ਨੂੰ ਬਾਰਵੀਂ ਜਮਾਤ ਤੱਕ ਪੜ੍ਹਾਇਆ ਸੀ। ਪੜ੍ਹਨ ਦੇ ਨਾਲ ਨਾਲ ਉਹ ਕਬੱਡੀ ਵੀ ਖੇਡਦਾ ਰਿਹਾ। ਇਲਾਕੇ ਵਿੱਚ ਉਸ ਦੀ ਚੰਗੀ ਪੁੱਛ ਸੀ।

ਕੁਝ ਸਮੇਂ ਤੱਕ ਉਸ ਨੇ ਨਿਊਜ਼ੀਲੈਂਡ ਖੇਡਣ ਜਾਣਾ ਸੀ। ਇਸ ਸਮੇਂ ਜਲੰਧਰ ਦੇ ਲੋਹੀਆਂ ਦੇ ਜੱਕੋਪੁਰ ਕਲਾਂ ਵਿੱਚ ਨਾਰਥ ਇੰਡੀਅਨ ਕਬੱਡੀ ਫੈੱਡਰੇਸ਼ਨ ਵੱਲੋਂ ਕੱਪ ਕਰਵਾਏ ਜਾ ਰਹੇ ਸਨ। ਅਮਰ ਜੱਕੂਪੁਰ ਕਲਾਂ ਦੀ ਟੀਮ ਵੱਲੋਂ 2 ਵਾਰ ਕਬੱਡੀ ਪਾ ਕੇ ਆਇਆ।

ਇਸ ਤੋਂ ਬਾਅਦ ਅਮਰ ਦੀ ਸਿਹਤ ਖਰਾਬ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਤਦ ਤੱਕ ਭਾਣਾ ਵਾਪਰ ਚੁੱਕਾ ਸੀ। ਇਸ ਤੋਂ ਬਾਅਦ ਮੈਚ ਰੱਦ ਕਰ ਦਿੱਤੇ ਗਏ। ਸਮਝਿਆ ਜਾ ਰਿਹਾ ਹੈ ਕਿ ਅਮਰ ਦੀ ਜਾਨ ਦਿਲ ਦਾ ਦੌਰਾ ਪੈਣ ਨਾਲ ਗਈ ਹੈ ਪਰ ਅਜੇ ਡਾਕਟਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਅਮਰ ਦੇ ਪਿਤਾ ਘਰ ਬੈਠੇ ਇਹ ਲਾਈਵ ਮੈਚ ਦੇਖ ਰਹੇ ਸੀ। ਉਨ੍ਹਾਂ ਨੇ ਅਮਰ ਦੇ ਦੋਸਤਾਂ ਨੂੰ ਫੋਨ ਕੀਤਾ ਤਾਂ ਉਨ੍ਹਾ ਨੂੰ ਸਾਰੀ ਕਹਾਣੀ ਸਪਸ਼ਟ ਹੋ ਗਈ। ਅਮਰ ਦਾ ਡੇਢ ਸਾਲ ਪਹਿਲਾਂ ਹੀ ਪ੍ਰਭਜੋਤ ਕੌਰ ਨਾਲ ਵਿਆਹ ਹੋਇਆ ਸੀ।

ਅਜੇ ਇਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਅਮਰ ਦੇ ਤੁਰ ਜਾਣ ਕਾਰਨ ਉਸ ਦੇ ਪਰਿਵਾਰ ਹੀ ਨਹੀਂ ਸਗੋਂ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। ਅਮਰ ਦੀ ਜਾਨ ਜਾਣ ਨਾਲ ਕਬੱਡੀ ਖੇਡ ਜਗਤ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।