ਚਮਕੀਲਾ ਫਿਲਮ ਚ ਕਿਹੋ ਜਿਹੇ ਦਿਖਣਗੇ ਦਿਲਜੀਤ ਦੋਸਾਂਝ, ਦੇਖੋ ਤਸਵੀਰਾਂ

ਪੰਜਾਬੀ ਦੀ ਮਰਹੂਮ ਗਾਇਕ ਜੋੜੀ ‘ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ’ ਦੇ ਜੀਵਨ ਤੇ ਅੱਜਕੱਲ੍ਹ ਇੱਕ ਫਿਲਮ ‘ਚਮਕੀਲਾ’ ਦੀ ਸ਼ੂਟਿੰਗ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।

ਇਸ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਹਨ ਜਦਕਿ ਚਮਕੀਲੇ ਦਾ ਰੋਲ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਆਰਾ ਨਿਭਾਇਆ ਜਾ ਰਿਹਾ ਹੈ।

ਅਮਰ ਸਿੰਘ ਚਮਕੀਲਾ ਦੀ ਪਤਨੀ ਅਤੇ ਗਾਇਕਾ ਦੇ ਕਿਰਦਾਰ ਵਿੱਚ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਨੂੰ ਦੇਖਿਆ ਜਾ ਸਕੇਗਾ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਉੰਟ ਤੇ ‘ਚਮਕੀਲਾ’ ਫਿਲਮ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਚਮਕੀਲੇ ਵਾਲੀ ਦਿਖ ਵਿੱਚ ਨਜ਼ਰ ਆ ਰਹੇ ਹਨ। ਜਿਸ ਤਰਾਂ ਦਾ ਉਨ੍ਹਾ ਦਿਨਾਂ ਵਿੱਚ ਮਾਹੌਲ ਹੁੰਦਾ ਸੀ, ਉਸ ਤਰਾਂ ਦਾ ਹੀ ਮਾਹੌਲ ਫਿਲਮ ਵਿੱਚ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਟੇਜ ਸ਼ੋਅ ਦੌਰਾਨ ਵੱਡੇ ਸਪੀਕਰ ਲਗਾ ਕੇ 1980 ਦੇ ਦਹਾਕੇ ਵਾਲਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ।

ਨੌਜਵਾਨ ਵਰਗ ਵਿੱਚ ਇਸ ਫਿਲਮ ਪ੍ਰਤੀ ਬੜਾ ਉਤਸ਼ਾਹ ਹੈ। ਉਹ ਬਹੁਤ ਬੇਤਾਬੀ ਨਾਲ ਫਿਲਮ ਨੂੰ ਉਡੀਕ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ 8 ਮਾਰਚ 1988 ਨੂੰ ਫਿਲੌਰ ਨੇੜੇ ਪੈਂਦੇ ਪਿੰਡ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਅਤੇ ਉਨ੍ਹਾਂ ਦੇ ਇੱਕ ਸਾਜੀ ਸਾਥੀ ਦੀ ਉਸ ਸਮੇਂ ਜਾਨ ਲੈ ਲਈ ਗਈ ਸੀ, ਜਦੋਂ ਅਖਾੜਾ ਲੱਗਾ ਹੋਇਆ ਸੀ।

ਨਾਮਾਲੂਮ ਵਿਅਕਤੀਆਂ ਨੇ ਆ ਕੇ ਗਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਦੌੜ ਗਏ। ਮੌਕੇ ਤੋਂ ਕੋਈ ਵੀ ਫੜਿਆ ਨਹੀਂ ਗਿਆ ਅਤੇ ਨਾ ਹੀ ਪਤਾ ਲੱਗ ਸਕਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ? ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਦੇ ਦੁੱਗਰੀ ਪਿੰਡ ਵਿੱਚ ਹੋਇਆ ਸੀ।

ਮਾਤਾ ਪਿਤਾ ਨੇ ਉਸ ਦਾ ਨਾਮ ਧਨੀ ਰਾਮ ਰੱਖਿਆ ਸੀ ਪਰ ਗਾਇਕੀ ਦੇ ਖੇਤਰ ਵਿੱਚ ਉਸ ਨੂੰ ਅਮਰ ਸਿੰਘ ਚਮਕੀਲਾ ਵਜੋਂ ਜਾਣਿਆ ਜਾਂਦਾ ਸੀ। ਜਦੋਂ ਇਸ ਗਾਇਕ ਜੋੜੀ ਦੀ ਜਾਨ ਲਈ ਗਈ ਤਾਂ ਚਮਕੀਲੇ ਦੀ ਉਮਰ ਲਗਭਗ 28 ਸਾਲ ਸੀ।

‘ਸਿੱਧੂ ਮੂਸੇ ਵਾਲੇ’ ਵਾਂਗ ਨੌਜਵਾਨ ਵਰਗ ਚਮਕੀਲੇ ਦਾ ਵੀ ਬਹੁਤ ਦੀਵਾਨਾ ਸੀ। ਚਮਕੀਲੇ ਦੀ ਜਾਨ ਜਾਣ ਤੋਂ ਲਗਭਗ 35 ਸਾਲ ਬਾਅਦ ਉਸ ਦੇ ਜੀਵਨ ਤੇ ਫਿਲਮ ਬਣ ਰਹੀ ਹੈ।

Leave a Reply

Your email address will not be published. Required fields are marked *