ਅਸੀਂ ਹਰ ਵਿਅਕਤੀ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ। ਆਮਦਨ ਘੱਟ ਹੈ ਅਤੇ ਖਰਚੇ ਬਹੁਤ ਜ਼ਿਆਦਾ ਹਨ। ਜਿਸ ਕਰਕੇ ਪੈਸੇ ਦੀ ਬੱਚਤ ਨਹੀਂ ਹੁੰਦੀ। ਇਸ ਮੁਲਕ ਦੀ ਅਬਾਦੀ ਦੇ ਵੱਡੇ ਹਿੱਸੇ ਨੂੰ ਸ਼ਿਕਵਾ ਹੈ ਕਿ ਉਹ ਗਰੀਬੀ ਨਾਲ ਜੂਝ ਰਹੇ ਹਨ।
ਉਨ੍ਹਾਂ ਦੀ ਅਮੀਰ ਹੋਣ ਦੀ ਇੱਛਾ ਹੀ ਉਨ੍ਹਾਂ ਨੂੰ ਸਹਿਜ ਅਵਸਥਾ ਵਿੱਚ ਨਹੀਂ ਰਹਿਣ ਦਿੰਦੀ। ਇਹ ਲੋਕ ਆਪ ਤੋਂ ਅਮੀਰਾਂ ਵੱਲ ਦੇਖ ਦੇਖ ਆਪਣੀ ਜ਼ਿੰਦਗੀ ਦਾ ਮਜ਼ਾ ਵੀ ਕਿਰਕਿਰਾ ਕਰ ਲੈਂਦੇ ਹਨ। ਉਹ ਮਿਹਨਤ ਕਰਨ ਦੀ ਬਜਾਏ ਅਮੀਰਾਂ ਨੂੰ ਦੇਖ ਦੇਖ ਸੋਚੀਂ ਪਏ ਰਹਿੰਦੇ ਹਨ।
ਜੇਕਰ ਸੰਜਮ ਵਰਤਦੇ ਹੋਏ ਤਰੀਕੇ ਨਾਲ ਅੱਗੇ ਵਧਿਆ ਜਾਵੇ ਤਾਂ ਛੋਟੇ ਤੋਂ ਛੋਟੇ ਕਾਰੋਬਾਰ ਤੋਂ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਇੱਕ ਅਜਿਹੇ ਹੀ ਵਿਅਕਤੀ ਬਾਰੇ ਦੱਸਦੇ ਹਾਂ ਜਿਸ ਨੇ ਚਾਹ ਦੀ ਰੇਹੜੀ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ।
ਅੱਜ ਉਹ ਜਿਸ ਮੁਕਾਮ ਤੇ ਪਹੁੰਚ ਚੁੱਕੇ ਹਨ, ਸੁਣ ਕੇ ਤੁਹਾਨੂੰ ਯਕੀਨ ਨਹੀਂ ਆਉਣਾ। ਇਸ ਵਿਅਕਤੀ ਦਾ ਨਾਂ ਪ੍ਰਫੁਲ ਬਿਲੌਰ ਹੈ। ਜਿਹੜਾ ਕਿ ਐੱਮ ਬੀ ਏ (ਮਿਸਟਰ ਬਿਲੌਰ ਅਹਿਮਦਾਬਾਦ) ਦੇ ਨਾਮ ਤੇ ਮਸ਼ਹੂਰ ਹੈ।
ਭਾਵੇਂ ਇਨ੍ਹਾਂ ਨੇ ਚਾਹ ਦੀ ਰੇਹੜੀ ਤੋਂ ਕੰਮ ਸ਼ੁਰੂ ਕੀਤਾ ਸੀ ਪਰ ਅੱਜ ਇਨ੍ਹਾਂ ਦਾ ਕਾਰੋਬਾਰ ਹਜ਼ਾਰਾਂ ਜਾਂ ਲੱਖਾਂ ਵਿੱਚ ਨਹੀਂ ਸਗੋਂ ਕਰੋਡ਼ਾਂ ਵਿੱਚ ਹੈ। ਅੱਜ ਉਹ ਸਿਰਫ ਚਾਹ ਨਾਲ ਹੀ ਨਹੀਂ ਜੁੜੇ ਹੋਏ ਸਗੋਂ ਮੁਲਕ ਭਰ ਵਿੱਚ ਹੋਰ ਵੀ ਕੰਮ ਚਲਾਏ ਹਨ।
ਇੱਥੋਂ ਤਕ ਕਿ ਹੁਣ ਤਾਂ ਇਨ੍ਹਾਂ ਦੁਆਰਾ ਵਿਦੇਸ਼ਾਂ ਵਿੱਚ ਵੀ ਫਰੈੱਚਾਈਜੀ ਖੋਲ੍ਹੀ ਜਾ ਰਹੀ ਹੈ। ਜਿਸ ਸੋਚ ਨੂੰ ਅਧਾਰ ਬਣਾ ਕੇ ਇਹ ਚੱਲ ਰਹੇ ਹਨ, ਉਸ ਮੁਤਾਬਕ ਤਾਂ ਇਨਸਾਨ ਦੀ ਤਰੱਕੀ ਦੀ ਕੋਈ ਹੱਦ ਨਿਸ਼ਚਿਤ ਨਹੀਂ ਹੈ। ਇਸ ਲਈ ਸਾਨੂੰ ਅੱਗੇ ਤੋਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਇਨ੍ਹਾਂ ਦੀ ਸੋਚ ਹੈ ਕਿ ਭਾਵੇਂ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ, ਤੁਹਾਨੂੰ ਪੈਸੇ ਨਹੀਂ ਬਣ ਰਹੇ ਪਰ ਤੁਸੀਂ ਮਿਹਨਤ ਕਰਦੇ ਰਹੋ। ਜਿਵੇਂ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ। ਅੱਗੇ ਵਧਦੇ ਰਹਿਣਾ ਹੀ ਜ਼ਿੰਦਗੀ ਹੈ। ਇਸ ਲਈ ਉਸਾਰੂ ਸੋਚ ਰੱਖੀ ਜਾਵੇ। ਜੇਕਰ ਸ਼ਰਮ ਛੱਡ ਕੇ ਮਿਹਨਤ ਕੀਤੀ ਜਾਵੇ ਤਾਂ ਜ਼ਰੂਰ ਸਫਲਤਾ ਮਿਲਦੀ ਹੈ।
ਉਨ੍ਹਾਂ ਦਾ ਵਿਚਾਰ ਹੈ ਕਿ ਸਫਲਤਾ ਹਾਸਲ ਕਰਨ ਲਈ ਅਮਲ ਦੀ ਵਰਤੋਂ ਦਾ ਤਿਆਗ ਕਰਨਾ ਚਾਹੀਦਾ ਹੈ। ਬੁਰੀਆਂ ਆਦਤਾਂ ਵਿੱਚ ਸਮਾਂ ਗੁਜ਼ਾਰਨ ਦੀ ਬਜਾਏ ਸਮੇਂ ਦੀ ਕਦਰ ਕੀਤੀ ਜਾਵੇ। ਉਹ ਚਾਹੁੰਦੇ ਹਨ ਕਿ ਆਰਥਿਕ ਤੌਰ ਤੇ ਅੱਗੇ ਵਧਣ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਵੀ ਮਜ਼ਬੂਤ ਹੋਣਾ ਚਾਹੀਦਾ ਹੈ।