ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਕਿਸੇ ਤੋਂ ਲੁਕੇ ਛਿਪੇ ਨਹੀਂ। ਇਹ ਲੋਕ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਇਨ੍ਹਾਂ ਹਾਲਾਤਾਂ ਦੇ ਚਲਦੇ ਹੀ ਉਹ ਅਫਗਾਨਿਸਤਾਨ ਵਿੱਚੋਂ ਨਿਕਲ ਕੇ ਕਿਸੇ ਵਿਕਸਤ ਮੁਲਕ ਵਿੱਚ ਜਾਣ ਲਈ ਕੋਈ ਗਲਤ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਮਰੀਕਾ ਵਰਗੇ ਮੁਲਕਾਂ ਵਿੱਚ ਪਹੁੰਚਣ ਲਈ ਕਿੰਨੇ ਹੀ ਪ੍ਰਵਾਸੀ ਜੰਗਲਾਂ ਰਾਹੀਂ ਡੌਂਕੀ ਲਗਾ ਕੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਇਸ ਕੋਸ਼ਿਸ਼ ਵਿੱਚ ਕਿੰਨੇ ਹੀ ਬਾਰਡਰ ਪੁਲਿਸ ਦੇ ਧੱਕੇ ਚੜ੍ਹ ਜਾਂਦੇ ਹਨ। ਕੁਝ ਜੰਗਲਾਂ ਵਿੱਚ ਭੁੱਖੇ ਪਿਆਸੇ ਜਾਨ ਗਵਾ ਬੈਠਦੇ ਹਨ। ਤਾਜ਼ਾ ਮਾਮਲਾ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਨੇੜੇ ਪੈਂਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੂੰ ਇੱਕ ਕੰਨਟੇਨਰ ਟਰੱਕ ਖੜ੍ਹਾ ਮਿਲਿਆ। ਜਿਸ ਵਿੱਚੋਂ 18 ਵਿਅਕਤੀ ਮਿਰਤਕ ਰੂਪ ਵਿੱਚ ਮਿਲੇ ਹਨ।
ਜਦਕਿ 22 ਵਿਅਕਤੀਆਂ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਰਤਕਾਂ ਵਿੱਚ ਇੱਕ ਬੱਚਾ ਵੀ ਸੀ। ਜਿਸ ਦੀ ਉਮਰ ਸਿਰਫ 6-7 ਸਾਲ ਦੱਸੀ ਜਾਂਦੀ ਹੈ। ਸਮਝਿਆ ਜਾਂਦਾ ਹੈ ਕਿ ਭੁੱਖੇ-ਪਿਆਸੇ ਰਹਿਣ ਅਤੇ ਦਮ ਘੁੱਟਣ ਕਾਰਨ ਇਨ੍ਹਾਂ ਦੀ ਜਾਨ ਗਈ ਹੈ। ਇਸ ਟਰੱਕ ਵਿੱਚ ਕੁੱਲ 52 ਵਿਅਕਤੀ ਛੁਪਾਏ ਹੋਏ ਸਨ।
ਭਾਰੀ ਲੱਕੜਾਂ ਲਗਾ ਕੇ ਟਰੱਕ ਦੇ ਅੰਦਰ ਇਨ੍ਹਾਂ ਬੰਦਿਆਂ ਲਈ ਕੰਪਾਰਟਮੈੰਟ ਬਣਾਇਆ ਹੋਇਆ ਸੀ। ਪਤਾ ਲੱਗਾ ਹੈ ਕਿ ਇਹ ਸਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਹਨ। ਜੋ ਟਰੱਕ ਵਿੱਚ ਛੁਪ ਕੇ ਤੁਰਕੀ ਦੇ ਰਸਤੇ ਹੁੰਦੇ ਹੋਏ ਇੱਥੇ ਤੱਕ ਪਹੁੰਚੇ ਸਨ। ਚੰਗੇ ਭਵਿੱਖ ਦੀ ਉਮੀਦ ਵਿੱਚ 18 ਦੀ ਜਾਨ ਚਲੀ ਗਈ। 22 ਬੰਦੇ ਹਸਪਤਾਲ ਪਹੁੰਚ ਗਏ।
ਪੁਲਿਸ ਨੇ ਬੁਲਗਾਰੀਆ ਦੇ 4 ਬੰਦਿਆਂ ਨੂੰ ਕਾਬੂ ਕੀਤਾ ਹੈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪ੍ਰਵਾਸੀਆਂ ਨੇ ਕੰਨਟੇਨਰ ਟਰੱਕ ਵਿੱਚ ਛੁਪ ਕੇ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਕੀਤੀ ਹੋਵੇ।
ਇੱਕ ਵਾਰ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਪ੍ਰਵਾਸੀ ਬਰਫ ਵਿੱਚ ਹੀ ਦਬ ਕੇ ਜਾਨ ਗੁਆ ਗਏ ਸਨ। ਇਨ੍ਹਾਂ ਵਿੱਚ ਇੱਕ ਦੁੱਧ ਚੁੰਘਦਾ ਬੱਚਾ ਵੀ ਸੀ। ਕਾਫੀ ਸਾਲ ਪਹਿਲਾਂ ਵਾਪਰੇ ਮਾਲਟਾ ਕਾਂਡ ਬਾਰੇ ਵੀ ਅਸੀਂ ਜਾਣਦੇ ਹੀ ਹਾਂ।
ਪਿਛਲੇ ਦਿਨੀਂ ਪੰਜਾਬ ਵਿੱਚ ਵੀ ਕੁਝ ਪਰਿਵਾਰ ਲੋਕ ਭਲਾਈ ਪਾਰਟੀ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਮਿਲੇ ਸਨ। ਇਨ੍ਹਾਂ ਪਰਿਵਾਰਾਂ ਮੁਤਾਬਕ ਉਨ੍ਹਾਂ ਦੇ 6 ਨੌਜਵਾਨ ਇਟਲੀ ਲਈ ਰਵਾਨਾ ਹੋਏ ਸਨ ਪਰ ਕਈ ਸਾਲ ਤੋਂ ਉਨ੍ਹਾਂ ਦੀ ਕੋਈ ਖਬਰ ਨਹੀਂ। ਉਹ ਇਟਲੀ ਵੀ ਨਹੀਂ ਪਹੁੰਚੇ।