ਅੱਜਕੱਲ੍ਹ ਪਾਕਿਸਤਾਨ ਦੇ ਜੋ ਹਾਲਾਤ ਹਨ, ਉਸ ਬਾਰੇ ਪੂਰੀ ਦੁਨੀਆਂ ਭਲੀਭਾਂਤ ਜਾਣੂ ਹੈ। ਮਹਿੰਗਾਈ ਨੇ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਕਈ ਤਾਂ 2 ਡੰਗ ਦੀ ਰੋਟੀ ਦਾ ਪ੍ਰਬੰਧ ਕਰਨ ਦੇ ਵੀ ਯੋਗ ਨਹੀਂ ਰਹੇ।

ਪਿਛਲੇ ਸਾਲ ਮਾਨਸੂਨ ਸੀਜ਼ਨ ਦੌਰਾਨ ਆਏ ਹੜ੍ਹਾਂ ਨੇ ਮੁਲਕ ਦੀ ਅਰਥ ਵਿਵਸਥਾ ਹਿਲਾ ਕੇ ਰੱਖ ਦਿੱਤੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕਈ ਤਰਾਂ ਦੇ ਸੁਆਲ ਖੜ੍ਹੇ ਕਰਦੀ ਹੈ। ਜੋ ਇੱਕ ਪਾਕਿਸਤਾਨੀ ਵਪਾਰੀ ਦੀ ਧੀ ਈਸ਼ਾ ਦੇ ਵਿਆਹ ਬਾਰੇ ਹੈ।

ਦਰਅਸਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਲਾੜੀ ਭਾਰ ਤੋਲਣ ਵਾਲੀ ਵੱਡੀ ਤੱਕੜੀ ਤੇ ਬੈਠੀ ਹੈ। ਇਸ ਲੜਕੀ ਦੇ ਪਿਤਾ ਨੇ ਆਪਣੀ ਧੀ ਦੇ ਵਿਆਹ ਵਿੱਚ ਉਸ ਦੇ ਭਾਰ ਦੇ ਬਰਾਬਰ ਵਜ਼ਨ ਦੀਆਂ ਸੋਨੇ ਦੀਆਂ ਇੱਟਾਂ ਦਾਜ ਵਿੱਚ ਦਿੱਤੀਆਂ ਹਨ।

ਕੁੜੀ ਦਾ ਵਜ਼ਨ 69 ਤੋਂ 70 ਕਿਲੋ ਦੇ ਵਿਚਕਾਰ ਦੱਸਿਆ ਜਾਂਦਾ ਹੈ। ਇਹ ਵਿਆਹ ਦੁਬਈ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਲਾੜੀ ਈਸ਼ਾ ਅਤੇ ਲਾੜੇ ਮੁਹੰਮਦ ਦੀ ਮੰਗਣੀ ਦੀ ਰਸਮ ਵੀ ਬੁਰਜ ਖਲੀਫਾ ਵਿੱਚ ਹੋਈ ਸੀ।

ਨਾ ਤਾਂ ਇਹ ਪਤਾ ਲੱਗ ਸਕਿਆ ਹੈ ਕਿ ਇਹ ਵਿਆਹ ਕਦੋਂ ਹੋਇਆ ਹੈ ਅਤੇ ਨਾ ਹੀ ਲਾੜੀ ਦੇ ਪਿਤਾ ਦੀ ਪਛਾਣ ਜਨਤਕ ਕੀਤੀ ਗਈ ਹੈ। ਇੰਨਾ ਹੀ ਪਤਾ ਲੱਗਾ ਹੈ ਕਿ ਉਹ ਇੱਕ ਪਾਕਿਸਤਾਨੀ ਕਾਰੋਬਾਰੀ ਹੈ।