
ਫਾਜ਼ਿਲਕਾ ਤੋਂ ਇੱਕ ਜੀਪ ਦੇ ਨਹਿਰ ਵਿੱਚ ਡਿੱਗਣ ਦੀ ਮੰਦਭਾਗੀ ਘਟਨਾ ਸੁਣਨ ਨੂੰ ਮਿਲੀ ਹੈ। ਜਿਸ ਨੂੰ ਸੁਣ ਕੇ ਹਰ ਕਿਸੇ ਦੇ ਦਿਲ ਨੂੰ ਧੱਕਾ ਲੱਗਾ ਹੈ। ਹਾਦਸਾ ਫਾਜ਼ਿਲਕਾ ਅਰਨੀਵਾਲਾ ਰੋਡ ਤੇ ਪੈਂਦੇ ਪਿੰਡ ਇਸਲਾਮਵਾਲਾ ਦੇ ਬੱਸ ਸਟੈਂਡ ਦੇ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ।
ਇਸ ਹਾਦਸੇ ਵਿੱਚ 2 ਜਾਨਾਂ ਚਲੀਆਂ ਗਈਆਂ ਹਨ। ਜਿਨ੍ਹਾਂ ਦੀ ਪਛਾਣ 36 ਸਾਲਾ ਜਸਵੰਤ ਸਿੰਘ ਅਤੇ ਰੁਪਿੰਦਰ ਕੌਰ ਵਜੋਂ ਹੋਈ ਹੈ। ਇਹ ਦੋਵੇਂ ਪਤੀ ਪਤਨੀ ਸਨ। ਇਨ੍ਹਾਂ ਦੇ 15 ਸਾਲਾ ਪੁੱਤਰ ਦੀ ਜਾਨ ਬਚ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਅਭੀ ਜੀਪ ਵਿੱਚ ਸਵਾਰ ਹੋ ਕੇ ਮਲੋਟ ਵਾਲੇ ਪਾਸੇ ਤੋਂ ਆਪਣੇ ਪਿੰਡ ਨੂੰ ਵਾਪਸ ਆ ਰਹੇ ਸਨ।
ਜਦੋਂ ਉਹ ਆਪਣੇ ਪਿੰਡ ਨੇੜੇ ਪੁੱਜੇ ਤਾਂ ਪੁਲ ਕੋਲ ਆ ਕੇ ਜੀਪ ਦੂਜੇ ਪਾਸੇ ਜਾ ਨਹਿਰ ਵਿੱਚ ਡਿੱਗ ਪਈ। ਅਭੀ ਜੀਪ ਤੋਂ ਬਾਹਰ ਨਿਕਲ ਕੇ ਬੁਰਜੀ ਦੇ ਨੇੜੇ ਜਾ ਡਿੱਗਿਆ। ਉੱਥੇ ਪਾਣੀ ਦਾ ਵਹਾਅ ਤੇਜ਼ ਨਾ ਹੋਣ ਕਾਰਨ ਉੱਥੇ ਮੌਜੂਦ ਬੰਦਿਆਂ ਨੇ ਅਭੀ ਨੂੰ ਬਾਹਰ ਕੱਢ ਲਿਆ।

ਉਸ ਦੀ ਜਾਨ ਬਚ ਗਈ ਪਰ ਪਤੀ ਪਤਨੀ ਨੂੰ ਬਾਹਰ ਕੱਢਣ ਵਿੱਚ ਕੁਝ ਸਮਾਂ ਲੱਗ ਗਿਆ। ਜਦੋਂ ਉਨ੍ਹਾਂ ਨੂੰ ਫਾਜ਼ਿਲਕਾ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮਿਰਤਕ ਐਲਾਨ ਦਿੱਤਾ।

ਉਨ੍ਹਾਂ ਦੀਆਂ ਮਿਰਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖ ਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।