ਜਿਵੇਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫੜਨ ਲਈ ਕਈ ਕਿਸਮ ਦੇ ਪਾਪੜ ਵੇਲਦਾ ਹੈ, ਉਸੇ ਤਰਾਂ ਹੀ ਸ਼ਾਤਰ ਕਿਸਮ ਦੇ ਲੋਕ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਪਖੰਡ ਕਰਦੇ ਹਨ। ਉਹ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਜਾਂ ਹਮਦਰਦੀ ਹਾਸਲ ਕਰਨ ਲਈ ਤਰਸ ਦੇ ਪਾਤਰ ਬਣ ਜਾਂਦੇ ਹਨ।
ਇਸ ਤਰਾਂ ਕਰਕੇ ਉਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਲੈਂਦੇ ਹਨ। ਜਲੰਧਰ ਦੇ ਹੁਸ਼ਿਆਰਪੁਰ ਰੋਡ ਤੇ ਪੈੰਦੇ ਸੰਤੋਖਪੁਰਾ ਦੇ ਕਿਸ਼ਨਪੁਰਾ ਦੇ ਰਹਿਣ ਵਾਲੇ ਇੱਕ ਨਿਹੰਗ ਸਿੰਘ ਜੋਧ ਸਿੰਘ ਨੂੰ ਇੱਕ ਔਰਤ ਦੀ ਮੱਦਦ ਕਰਨੀ ਮਹਿੰਗੀ ਪੈ ਗਈ।
ਇਹ ਨਾਮਾਲੂਮ ਔਰਤ ਜੋਧ ਸਿੰਘ ਦੀ 6-7 ਸਾਲ ਦੀ ਬੱਚੀ ਨੂੰ ਹੀ ਲੈ ਕੇ ਲਾਪਤਾ ਹੋ ਗਈ ਹੈ। ਥਾਣਾ ਨੰਬਰ 8 ਦੀ ਪੁਲਿਸ ਮਾਮਲੇ ਨੂੰ ਟਰੇਸ ਕਰਨ ਵਿੱਚ ਜੁਟੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਨਿਹੰਗ ਸਿੰਘ ਜੋਧ ਸਿੰਘ ਸਬਜੀ ਵੇਚਣ ਦਾ ਕੰਮ ਕਰਦਾ ਹੈ।
ਜਦੋਂ ਜੋਧ ਸਿੰਘ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਔਰਤ ਮਿਲੀ। ਜਿਸ ਦੇ ਕੱਪੜੇ ਭਿੱਜੇ ਹੋਏ ਸਨ। 2 ਨੌਜਵਾਨ ਇਸ ਔਰਤ ਨਾਲ ਛੇੜਖਾਨੀ ਕਰ ਰਹੇ ਸਨ। ਇਹ ਔਰਤ ਜੋਧ ਸਿੰਘ ਤੋਂ ਮੱਦਦ ਮੰਗਣ ਲੱਗੀ।
ਜਦੋਂ ਜੋਧ ਸਿੰਘ ਇਸ ਔਰਤ ਦੀ ਮੱਦਦ ਵਿੱਚ ਖੜ੍ਹ ਗਿਆ ਤਾਂ ਇਹ ਨੌਜਵਾਨ ਜੋਧ ਸਿੰਘ ਨਾਲ ਵੀ ਪਹਿਲਾਂ ਤਾਂ ਤੂੰ ਤੂੰ ਮੈਂ ਮੈੰ ਹੋਏ ਅਤੇ ਫੇਰ ਹੱਥੋਪਾਈ ਤੇ ਉੱਤਰ ਆਏ ਪਰ ਫੇਰ ਇਹ ਨੌਜਵਾਨ ਭੱਜ ਗਏ। ਜਿਸ ਤੋਂ ਬਾਅਦ ਜੋਧ ਸਿੰਘ ਇਸ ਔਰਤ ਨੂੰ ਆਪਣੇ ਘਰ ਲੈ ਗਿਆ।
ਉਸ ਨੂੰ ਖਾਣਾ ਖਵਾਇਆ ਅਤੇ ਜੋਧ ਸਿੰਘ ਦੀ ਪਤਨੀ ਨੇ ਉਸ ਨੂੰ ਆਪਣੇ ਕੱਪੜੇ ਵੀ ਪਹਿਨਣ ਲਈ ਦਿੱਤੇ, ਕਿਉਂਕਿ ਉਸ ਦੇ ਕੱਪੜੇ ਭਿੱਜੇ ਹੋਏ ਸਨ। ਔਰਤ ਨੂੰ ਆਪਣੀ ਪਤਨੀ ਕੋਲ ਛੱਡ ਕੇ ਜੋਧ ਸਿੰਘ ਸਬਜੀ ਮੰਡੀ ਚਲਾ ਗਿਆ।
ਦੁਪਹਿਰ ਸਮੇਂ ਜੋਧ ਸਿੰਘ ਨੂੰ ਘਰੋੰ ਫੋਨ ਆਇਆ ਕਿ ਉਕਤ ਔਰਤ ਕਿਧਰੇ ਚਲੀ ਗਈ ਹੈ ਅਤੇ ਉਨ੍ਹਾਂ ਦੀ ਆਪਣੀ ਬੱਚੀ ਵੀ ਨਹੀਂ ਮਿਲ ਰਹੀ। ਜਿਸ ਤੋਂ ਬਾਅਦ ਜੋਧ ਸਿੰਘ 8 ਨੰਬਰ ਥਾਣੇ ਪਹੁੰਚਿਆ। ਸੀਸੀਟੀਵੀ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਇਹ ਔਰਤ ਹੀ ਬੱਚੀ ਨੂੰ ਲੈ ਗਈ ਹੈ।
ਜਿਸ ਦਾ ਮਤਲਬ ਹੈ ਇਹ ਔਰਤ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੋਈ ਸੀ। ਪੁਲਿਸ ਨੇ ਕੰਟਰੋਲ ਰੂਮ ਅਤੇ ਹੋਰ ਵੱਖ ਵੱਖ ਥਾਣਿਆਂ ਨੂੰ ਇਨ੍ਹਾਂ ਦੀਆਂ ਤਸਵੀਰਾਂ ਭੇਜੀਆਂ ਹਨ। ਇਸ ਔਰਤ ਅਤੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਜਨਤਾ ਤੋਂ ਵੀ ਇਸ ਮਾਮਲੇ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਨੇ ਜਨਤਾ ਨੂੰ ਚੌਕਸ ਕੀਤਾ ਹੈ ਕਿ ਜੇਕਰ ਅਜਿਹਾ ਮਾਮਲਾ ਕਿਸੇ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਇਸ ਨੂੰ ਖੁਦ ਨਜਿੱਠਣ ਦੀ ਬਜਾਏ ਇਸ ਬਾਰੇ ਪੁਲਿਸ ਨੂੰ ਦੱਸਿਆ ਜਾਵੇ।